:

ਬਰਨਾਲਾ ਜਿਮਨੀ ਚੋਣ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਅਲੱਗ ਅਲੱਗ ਉਮੀਦਵਾਰ – ਪ੍ਰਤਾਪ ਸਿੰਘ ਬਾਜਵਾ


ਬਰਨਾਲਾ ਜਿਮਨੀ ਚੋਣ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਅਲੱਗ ਅਲੱਗ ਉਮੀਦਵਾਰ – ਪ੍ਰਤਾਪ ਸਿੰਘ ਬਾਜਵਾ 

ਬਰਨਾਲਾ

 
ਵਿਧਾਨ ਸਭਾ ਹਲਕਾ ਬਰਨਾਲਾ ਦੀ ਹੋ ਰਹੀ ਜਿਮਨੀ ਚੋਣ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਲੱਗ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਆਪਣਾ ਅਲੱਗ ਉਮੀਦਵਾਰ ਹੈ। ਦੋਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਜ਼ੋਰ ਲਾ ਰਹੇ ਹਨ। ਇਹ ਗੱਲ ਪੰਜਾਬ ਦੇ ਲੀਡਰ ਆਫ ਅਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਇੱਕ ਗੰਭੀਰ ਲੜਾਈ ਚੱਲ ਰਹੀ ਹੈ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਲੜ ਰਹੇ ਗੁਰਦੀਪ ਸਿੰਘ ਬਾਠ ਦਾ ਨਾਮ ਲਏ ਬਗੈਰ ਕਿਹਾ ਕਿ ਭਗਵੰਤ ਮਾਨ ਜਿਸ ਨੂੰ ਟਿਕਟ ਦੇਣਾ ਚਾਹੁੰਦੇ ਸਨ। ਉਹ ਉਸ ਨੂੰ ਟਿਕਟ ਨਹੀਂ ਮਿਲੀ। ਪਰ ਉਹ ਆਪਣੇ ਉਮੀਦਵਾਰ ਵਾਸਤੇ ਜ਼ੋਰ ਲਾ ਰਹੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਬਰਨਾਲਾ ਰੈਲੀ ਵਿੱਚ ਕਹਿ ਕੇ ਗਏ ਹਨ ਕਿ ਅਸੀਂ ਕੰਮ ਕਰਵਾਵਾਂਗੇ ਪਰ ਇਸ ਦੀ ਸ਼ਰਤ ਹੈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਤਾ ਦਿਓ ਇਹ ਬਰਨਾਲੇ ਦੇ ਲੋਕਾਂ ਨੂੰ ਸਿੱਧੇ ਧਮਕੀ ਹੈ। ਅਜਿਹੇ ਲੋਕਾਂ ਨੂੰ ਬਰਨਾਲੇ ਦੇ ਲੋਕ ਜਵਾਬ ਦੇਣਗੇ। ਉਹਨਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਪਿਛਲੇ ਲੰਬੇ ਸਮੇਂ ਤੋਂ ਬਰਨਾਲੇ ਵਿੱਚ ਵਿਚਰ ਰਹੇ ਹਨ ਅਤੇ ਸਭ ਤੋਂ ਚੰਗੇ ਉਮੀਦਵਾਰ ਹਨ ਇਸ ਲਈ ਕਾਲਾ ਢਿੱਲੋਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦਾ ਹੰਕਾਰ ਤੋੜਿਆ ਜਾਵੇ। ਇਸ ਮੌਕੇ ਤੇ ਕਾਂਗਰਸ ਦੇ ਸਾਬਕਾ ਜਿਲਾ ਪ੍ਰਧਾਨ ਮੱਖਣ ਸ਼ਰਮਾ ਅਤੇ ਹੋਰ ਆਗੂ ਹਾਜ਼ਰ ਸਨ।