ਕੰਮ ਦਿਹਾੜੀ ਚ ਕੀਤੇ ਵਾਧੇ ਖਿਲਾਫ ਮਾਨ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਐਲਾਨ: ਕਾਮਰੇਡ ਗੁਰਪ੍ਰੀਤ ਰੂੜੇਕੇ
- Reporter 12
- 10 Oct, 2023
ਕੰਮ ਦਿਹਾੜੀ ਚ ਕੀਤੇ ਵਾਧੇ ਖਿਲਾਫ ਮਾਨ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਐਲਾਨ: ਕਾਮਰੇਡ ਗੁਰਪ੍ਰੀਤ ਰੂੜੇਕੇ
ਬਰਨਾਲਾ 10ਅਕਤੂਬਰ
ਕੇਂਦਰ ਦੀ ਮਜ਼ਦੂਰ ਵਿਰੋਧੀ ਮੋਦੀ ਸਰਕਾਰ ਵੱਲੋਂ ਫੈਕਟਰੀਆਂ ਤੇ ਹੋਰ ਜਥੇਬੰਦਕ ਖੇਤਰ ਦੇ ਕਾਮਿਆਂ ਲਈ ਕੰਮ ਦਿਹਾੜੀ ਅੱਠ ਘੰਟੇ ਦੀ ਬਜਾਏ 12ਘੰਟੇ ਕਰਨ ਦੇ ਕਾਲੇ ਕਾਨੂੰਨ ਨੂੰ ਸਾਰਿਆਂ ਤੋਂ ਮੋਹਰੀ ਬਣ ਕੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਉਕਤ ਕਾਨੂੰਨ ਨੂੰ ਲਾਗੂ ਕਰਨ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਦਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਗਿਆ ਹੈ।ਇਸ ਸਬੰਧੀ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਤੇ ਚੱਲਣ ਦਾ ਦਾਅਵਾ ਕਰਨ ਵਾਲੀ ਸਰਕਾਰ ਮਜ਼ਦੂਰ ਜਮਾਤ ਦੀ ਦੁਸ਼ਮਣ ਬਣ ਕੇ ਵਿਚਰ ਰਹੀ ਹੈ, ਉਨ੍ਹਾਂ ਕਿਹਾ ਭਾਰਤ ਅੰਦਰ ਬਾਬਾ ਸਾਹਿਬ ਅੰਬੇਡਕਰ ਜੀ ਨੇ ਅੱਠ ਘੰਟੇ ਕੰਮ ਦਿਹਾੜੀ ਲਈ ਜੱਦੋਜਹਿਦ ਕੀਤੀ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਪਾਰਟੀ ਪ੍ਰੋਗਰਾਮ ਚ ਮਸ਼ੀਨ ਦੀ ਤਰੱਕੀ ਦੇ ਨਾਲ ਨਾਲ ਕੰਮ ਦੇ ਘੰਟੇ ਘਟਾਏ ਜਾਣ ਦੀ ਵਕਾਲਤ ਕੀਤੀ ਸੀ ਤਾਂ ਜੋ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦਿੱਤਾ ਜਾ ਸਕੇ ਪਰ ਮਾਨ ਸਰਕਾਰ ਨੇ ਕੰਮ ਦੇ ਘੰਟਿਆਂ ਚ ਵਾਧਾ ਕਰਕੇ ਪਹਿਲਾਂ ਹੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਬੇਰੁਜ਼ਗਾਰੀ ਦੇ ਵਿੱਚ ਹੋਰ ਵਾਧਾ ਕਰਨ ਲਈ ਪੁਲਾਂਘ ਪੁੱਟ ਲਈ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਮਜ਼ਦੂਰ ਵਿਰੋਧੀ ਨੋਟੀਫਿਕੇਸ਼ਨ ਰੱਦ ਕਰਾਏ ਜਾਣ ਲਈ,ਹਰ ਮਹੀਨੇ ਔਰਤਾਂ ਨਾਲ ਕੀਤੇ ਵਾਅਦੇ ਮੁਤਾਬਕ ਇਕ ਇਕ ਰੁਪਏ ਖਾਤਿਆਂ ਵਿੱਚ ਪਾ ਜਾਣ ਅਤੇ ਜੋ ਚੋਣਾਂ ਵਿੱਚ ਵਾਅਦੇ ਕੀਤੇ ਸਨ ਉਹਨਾਂ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਸੂਬੇ ਭਰ ਚ 15ਅਕਤੂਬਰ ਤੋਂ ਲੈਕੇ 22ਅਕਤੂਬਰ ਤੱਕ ਮੋਦੀ ਤੇ ਮਾਨ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ ਇਸ ਮੌਕੇ ਕਾਮਰੇਡ ਸਵਰਨ ਸਿੰਘ ਜੰਗੀਆਣਾ,ਸਿੰਦਰ ਕੌਰ ਹਰੀਗੜ੍ਹ,ਕਰਨੈਲ ਸਿੰਘ ਠੀਕਰੀਵਾਲਾ,ਹਰਚਰਨ ਸਿੰਘ ਰੂੜੇਕੇ ਆਦਿ ਆਗੂ ਹਾਜਰ ਸਨ।