:

ਪਰਾਲੀ ਡੰਪ ਕੋਠੇ ਚੂੰਘਾਂ ਦੇ ਘਰਾਂ ਦੇ ਨੇੜੇ ਨਾ ਕਰਨ ਦੀ ਮੰਗ


ਪਰਾਲੀ ਡੰਪ ਕੋਠੇ ਚੂੰਘਾਂ ਦੇ ਘਰਾਂ ਦੇ ਨੇੜੇ ਨਾ ਕਰਨ ਦੀ ਮੰਗ

ਪੰਚਾਇਤ ਦੀ ਅਗਵਾਈ ਵਿੱਚ ਵਫਦ ਡੀਸੀ ਬਰਨਾਲਾ ਨੂੰ ਮਿਲਿਆ

ਬਰਨਾਲਾ 10 ਅਕਤੂਬਰ 

ਸਰਕਾਰ ਵੱਲੋਂ ਕੋਠੇ ਚੂੰਘਾਂ ਦੇ ਘਰਾਂ ਦੇ ਨੇੜੇ ਪਰਾਲੀ ਡੰਪ ਕਰਨ ਦੀ ਯੋਜਨਾ ਬਨਾਉਣ ਖ਼ਿਲਾਫ਼ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਵਫਦ ਡੀਸੀ ਬਰਨਾਲਾ ਨੂੰ ਮਿਲਿਆ। ਇਸ ਵਫਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦੇ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਹੰਢਿਆਇਆ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਸ਼ਾਮਿਲ ਸਨ। ਇਸ ਸਮੇਂ ਮਸਲੇ ਦੀ ਜਾਣਕਾਰੀ ਦਿੰਦਿਆਂ ਕੋਠੇ ਚੂੰਘਾਂ ਦੀ ਸਰਪੰਚ ਅਮਰਜੀਤ ਕੌਰ, ਪੰਚਾਇਤ ਮੈਂਬਰਾਂ ਅਮਰਜੀਤ ਸਿੰਘ, ਨੰਦ ਸਿੰਘ ਅਤੇ ਕੁਲਵੰਤ ਸਿੰਘ ਹੰਢਿਆਇਆ ਨੇ ਦੱਸਿਆ ਕਿ ਪਰਾਲੀ ਦਾ ਡੰਪ 35-40 ਏਕੜ ਥਾਂ ਵਿੱਚ ਕੋਠੇ ਚੂੰਘਾਂ ਦੇ ਬਿਲਕੁਲ ਨਜ਼ਦੀਕ ਬਣਾਇਆ ਜਾ ਰਿਹਾ ਹੈ। ਕਿਸੇ ਵੀ ਅੱਗ ਵਗੈਰਾ ਲੱਗਣ ਦੀ ਸੂਰਤ ਵਿੱਚ ਕੋਠੇ ਚੂੰਘਾਂ ਵਾਸੀਆਂ ਦੇ ਜਾਨੀ ਅਤੇ ਮਾਲੀ ਨੁਕਸਾਨ ਦਾ ਖ਼ਤਰਾ ਬਣਿਆ ਰਹੇਗਾ। ਆਗੂਆਂ ਬਾਬੂ ਸਿੰਘ ਖੁੱਡੀਕਲਾਂ, ਜਸਵੰਤ ਸਿੰਘ ਹੰਢਿਆਇਆ ਨੇ ਕਿਹਾ ਕਿ ਅਸੀਂ ਪਰਾਲੀ ਡੰਪ ਕਰਨ ਦੇ ਵਿਰੁੱਧ ਨਹੀਂ ਸਗੋਂ ਅਸੀਂ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਦੇ ਪੱਖ ਤੋਂ ਇਹ ਮੰਗ ਕਰਦੇ ਹਾਂ ਕਿ ਪਰਾਲੀ ਡੰਪ ਅਬਾਦੀ ਤੋਂ ਦੂਰ ਕੀਤੀ ਜਾਵੇ। ਆਗੂਆਂ ਨੇ ਡੀਸੀ ਬਰਨਾਲਾ ਤੋਂ ਮੰਗ ਕੀਤੀ ਕਿ ਮੌਕਾ ਵੇਖਕੇ ਪਰਾਲੀ ਦਾ ਡੰਪ ਇਸ ਥਾਂ ਤੋਂ ਤਬਦੀਲ ਕਰਕੇ ਅਬਾਦੀ ਤੋਂ ਦੂਰ ਢੁੱਕਵੇਂ ਥਾਂ ਤੇ ਬਣਾਇਆ ਜਾਵੇ। ਇਸ ਸਮੇਂ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਹਾਜ਼ਰ ਸਨ।