:

ਵਿਧਾਇਕ ਕਾਲਾ ਢਿੱਲੋਂ ਨੇ ਬਰਨਾਲਾ 'ਚੋਂ ਲੰਘ ਰਹੇ ਨੈਸ਼ਨਲ ਹਾਈਵੇ 'ਤੇ ਦਰਪੇਸ਼ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ


ਵਿਧਾਇਕ ਕਾਲਾ ਢਿੱਲੋਂ ਨੇ ਬਰਨਾਲਾ 'ਚੋਂ ਲੰਘ ਰਹੇ ਨੈਸ਼ਨਲ ਹਾਈਵੇ 'ਤੇ ਦਰਪੇਸ਼ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ


ਬਰਨਾਲਾ


ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜ਼ਿਲ੍ਹੇ ਦੇ ਲੋਕਾਂ ਦੀਆਂ ਬਰਨਾਲਾ ਵਿੱਚੋਂ ਲੰਘ ਰਹੇ ਨੈਸ਼ਨਲ ਹਾਈਵੇਅ ਨਾਲ ਸਬੰਧਿਤ ਕੁਝ ਵੱਡੀਆਂ ਸਮੱਸਿਆਵਾਂ ਨੂੰ ਇੱਕ ਪੱਤਰ ਰਾਹੀਂ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਸ੍ਰੀ ਨਿਤਿਨ ਜੈਰਾਮ ਗਡਗਰੀ ਦੇ ਧਿਆਨ ਵਿੱਚ ਲਿਆਂਦਾ ਹੈ। ‌ ਵਿਧਾਇਕ ਕਾਲਾ ਢਿੱਲੋਂ ਨੇ ਪਿਛਲੇ ਦਿਨੀ ਦਿੱਲੀ ਲੋਕ ਸਭਾ ਕੰਪਲੈਕਸ ਪੁੱਜ ਕੇ ਇੱਕ ਪੱਤਰ ਜ਼ਿਲ੍ਹੇ ਦੇ ਲੋਕਾਂ ਨੂੰ ਨੈਸ਼ਨਲ ਹਾਈਵੇਅ 'ਤੇ ਦਰਪੇਸ਼ ਸੜਕੀ ਸਮੱਸਿਆਵਾਂ ਨਾਲ ਸੰਬੰਧਿਤ ਮਾਨਯੋਗ ਮੰਤਰੀ ਨਿਤਿਨ ਗਡਗਰੀ ਨੂੰ ਦਿੱਤਾ ਅਤੇ ਇਨਾਂ ਵੱਡੀਆਂ ਸਮੱਸਿਆਵਾਂ ਕਾਰਨ ਹੁੰਦੇ ਜਾਨੀ ਮਾਲੀ ਨੁਕਸਾਨ ਸਬੰਧੀ ਵੀ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ। ਵਿਧਾਇਕ ਢਿੱਲੋਂ ਨੇ ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਲਿਖਿਆ ਕਿ "ਬਠਿੰਡਾ ਤੋਂ ਜੀਰਕਪੁਰ ਜਾਣ ਵਾਲੇ ਰਾਸ਼ਟਰੀ ਰਾਜਮਾਰਗ ਨੰਬਰ 7 'ਤੇ ਪਿੰਡ ਬਡਬਰ ਵਿਖੇ ਟੋਲ ਪਲਾਜ਼ਾ ਨੇੜੇ ਸਰਵਿਸ ਰੋਡ ਦੀ ਘਾਟ ਕਾਰਨ ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਇਹਨਾਂ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਅਜਾਈਂ ਚਲੀਆਂ ਗਈਆਂ ਹਨ। ਆਪਣੇ ਪੱਤਰ ਵਿੱਚ ਵਿਧਾਇਕ ਢਿੱਲੋਂ ਨੇ ਲਿਖਿਆ ਕਿ ਇਸ ਜਗ੍ਹਾ ਸਰਵਿਸ ਰੋਡ ਲਈ ਹੋਰ ਜਗ੍ਹਾ ਨਹੀਂ ਹੈ ਅਤੇ ਲੌਂਗੋਵਾਲ, ਸੁਨਾਮ ਵੱਲ ਮੁੜਦੇ ਸਮੇਂ ਰਾਸ਼ਟਰੀ ਰਾਜਮਾਰਗ 'ਤੇ ਤੇਜ਼ ਰਫਤਾਰ ਵਾਹਨ ਕਾਰਨ ਅਕਸਰ ਇਹ ਹਾਦਸੇ ਵਾਪਰਦੇ ਹਨ। ਵਿਧਾਇਕ ਢਿੱਲੋਂ ਨੇ ਕੇਂਦਰੀ ਸੜਕ ਮੰਤਰੀ ਤੋਂ ਇਸ ਜਗ੍ਹਾ 'ਤੇ ਖੰਭਿਆਂ ਉੱਪਰ ਪੁਲ ਬਣਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਆਪਣੇ ਪੱਤਰ ਵਿੱਚ ਵਿਧਾਇਕ ਢਿੱਲੋਂ ਨੇ ਇਸੇ ਨੈਸ਼ਨਲ ਹਾਈਵੇ 'ਤੇ ਹੰਡਿਆਇਆ ਤੋਂ ਬਠਿੰਡਾ ਵਾਲੇ ਪਾਸੇ ਪਿੰਡ ਖੁੱਡੀ ਕਲਾਂ ਤੇ ਹੰਡਿਆਇਆ ਕੱਟ 'ਤੇ ਵੀ ਪੁਲ ਬਣਾਉਣ ਦੀ ਮੰਗ ਕੀਤੀ ਹੈ।


ਵਿਧਾਇਕ ਢਿੱਲੋਂ ਨੇ ਬਰਨਾਲਾ ਟੀ -ਪੁਆਇੰਟ ਨੇੜੇ ਸਰਵਿਸ ਰੋਡ 'ਤੇ ਹਮੇਸ਼ਾ ਖੜੇ ਰਹਿਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਵੱਲ ਵੀ ਕੇਂਦਰੀ ਸੜਕ ਮੰਤਰੀ ਦਾ ਧਿਆਨ ਦਿਵਾਇਆ ਹੈ। ‌ ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਤੇ ਜੋਧਪੁਰ ਦੇ ਵਾਸੀਆਂ ਦੀ ਇੱਕ ਵੱਡੀ ਸਮੱਸਿਆ ਬਾਰੇ ਵੀ ਵਿਧਾਇਕ ਢਿੱਲੋਂ ਨੇ ਆਪਣੇ ਪੱਤਰ ਵਿੱਚ ਜ਼ਿਕਰ ਕਰਦੇ ਹੋਏ ਕੇਂਦਰੀ ਸੜਕ ਮੰਤਰੀ ਨੂੰ ਦੱਸਿਆ ਕਿ ਨੈਸ਼ਨਲ ਹਾਈਵੇਅ 'ਤੇ ਦੋਵਾਂ ਪਿੰਡਾਂ ਦੇ ਵਿਚਕਾਰ ਢੁਕਵੀਂ ਜਗ੍ਹਾ 'ਤੇ ਕਰਾਸਿੰਗ ਨਾ ਬਣੀ ਹੋਣ ਕਾਰਨ ਹੁਣ ਤੱਕ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ। ਇਸ ਸਬੰਧੀ ਦੋਵਾਂ ਪਿੰਡਾਂ ਦੇ ਲੋਕ ਸੰਘਰਸ਼ ਵੀ ਕਰ ਚੁੱਕੇ ਹਨ ਪ੍ਰੰਤੂ ਇਹ ਸਮੱਸਿਆ ਦਾ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਹੋਇਆ। ਵਿਧਾਇਕ ਢਿੱਲੋਂ ਨੇ ਕੇਂਦਰੀ ਸੜਕ ਮੰਤਰੀ ਨਾਲ ਮੁਲਾਕਾਤ ਦੌਰਾਨ ਚੀਮਾ-ਜੋਧਪੁਰ ਦੇ ਵਿਚਕਾਰ ਤੁਰੰਤ ਪੁਲ ਬਣਾਉਣ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਵਿਧਾਇਕ ਢਿੱਲੋਂ ਨੇ ਕੇਂਦਰੀ ਸੜਕ ਮੰਤਰੀ ਤੋਂ ਧਨੌਲਾ ਨੇੜੇ ਪਿੰਡ ਮਾਨਾ ਪਿੰਡੀ ਵਿਖੇ ਵੀ ਨੈਸ਼ਨਲ ਹਾਈਵੇਅ 'ਤੇ ਸਰਵਿਸ ਰੋਡ ਨਾ ਹੋਣ ਕਾਰਨ ਲੋਕਾਂ ਨੂੰ ਆ ਰਹੀ ਸਮੱਸਿਆ ਦੇ ਤੁਰੰਤ ਹੱਲ ਵੀ ਮੰਗ ਕੀਤੀ। ਵਿਧਾਇਕ ਢਿੱਲੋਂ ਨੇ ਦੱਸਿਆ ਕਿ ਕੇਂਦਰੀ ਸੜਕ ਮੰਤਰੀ ਸ੍ਰੀ ਨਿਤਿਨ ਗਡਗਰੀ ਨੇ ਉਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਸ ਉੱਪਰ ਇਹ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਵਿਧਾਇਕ ਢਿੱਲੋਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ 'ਤੇ ਲੋਕਾਂ ਨੂੰ ਆ ਰਹੀਆਂ ਇਹਨਾਂ ਮੰਗਾਂ ਸਬੰਧੀ ਪਹਿਲਾਂ ਹੀ ਵਿਧਾਨ ਸਭਾ ਦੀ G.A.C. ਕਮੇਟੀ ਦੀ ਮੀਟਿੰਗ ਦੌਰਾਨ ਵੀ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਬੁਲਾ ਕੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਜਲਦੀ ਕਾਰਵਾਈ ਸ਼ੁਰੂ ਕਰ ਲਈ ਕਿਹਾ ਗਿਆ ਹੈ।  ਬਰਨਾਲਾ ਜ਼ਿਲ੍ਹੇ ਵਿੱਚ ਲੰਘ ਰਹੇ ਨੈਸ਼ਨਲ ਹਾਈਵੇ 'ਤੇ ਜ਼ਿਲ੍ਹੇ ਦੇ ਲੋਕਾਂ ਨੂੰ ਆ ਰਹੀਆਂ ਉਪਰੋਕਤ ਸਮੱਸਿਆਵਾਂ ਸਬੰਧੀ ਕੇਂਦਰੀ ਸੜਕ  ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਸਮੇਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਨਾਲ ਲੋਕ ਸਭਾ ਮੈਂਬਰ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ ਅਤੇ ਡਾਕਟਰ ਅਮਰ ਸਿੰਘ ਵੀ ਨਾਲ ਸਨ।