ਉੱਪਲੀ ਵਿਖੇ ਪਟਵਾਰੀ ਦੀ ਤੈਨਾਤੀ ਲਈ ਭਾਕਿਯੂ (ਏਕਤਾ) ਡਕੌਂਦਾ ਦਾ ਵਫ਼ਦ ਏਡੀਸੀ ਬਰਨਾਲਾ ਨੂੰ ਮਿਲਿਆ
- Admin Default
- 26 Oct, 2023 23:26
ਉੱਪਲੀ ਵਿਖੇ ਪਟਵਾਰੀ ਦੀ ਤੈਨਾਤੀ ਲਈ ਭਾਕਿਯੂ (ਏਕਤਾ) ਡਕੌਂਦਾ ਦਾ ਵਫ਼ਦ ਏਡੀਸੀ ਬਰਨਾਲਾ ਨੂੰ ਮਿਲਿਆ
ਬਰਨਾਲਾ 25 ਅਕਤੂਬਰ
ਪਿੰਡ ਉੱਪਲੀ ਵਿਖੇ ਕੰਮ ਕਰਦੇ ਪਟਵਾਰੀ ਨੂੰ ਤਕਰੀਬਨ ਦੋ ਮਹੀਨੇ ਪਹਿਲਾਂ ਵਿਜੀਲੈਂਸ ਨੇ ਛਾਪਾ ਮਾਰਕੇ ਰਿਸ਼ਵਤ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਸੀ। ਉਸੇ ਸਮੇਂ ਤੋਂ ਉੱਪਲੀ ਦਾ ਪਟਵਾਰਖਾਨਾ ਬੰਦ ਹੋਣ ਕਾਰਨ ਲੋਕਾਂ ਨੂੰ ਰੋਜ਼ ਮੱਰਾ ਦੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਛੋਟੀ ਤੋਂ ਛੋਟੀ ਕਾਗਜ਼ੀ ਕਾਰਵਾਈ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟਵਾਰੀ ਤੋਂ ਤਸਦੀਕ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ। ਪਿੰਡ ਦੇ ਲੋਕ ਪਟਵਾਰੀ ਦੀ ਨਿਯੁਕਤੀ ਲਈ ਬਹੁਤ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਮਿਲ ਚੁੱਕੇ ਹਨ। ਸਿਵਾਏ ਲਾਰਿਆਂ ਦੇ ਅੱਜ ਤੱਕ ਪਟਵਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ। ਪਿੰਡ ਦੇ ਸਭਨਾਂ ਲੋਕਾਂ ਦੀਆਂ ਵਡੇਰੀਆਂ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਪਿੰਡ ਇਕਾਈ ਉੱਪਲੀ ਨੇ ਵਫ਼ਦ ਰਾਹੀਂ ਏਡੀਸੀ ਬਰਨਾਲਾ ਨੂੰ ਮਿਲਕੇ ਪਟਵਾਰੀ ਤੈਨਾਤ ਕਰਨ ਦੀ ਮੰਗ ਕੀਤੀ । ਇਸ ਸਮੇਂ ਭਾਕਿਯੂ (ਏਕਤਾ) ਡਕੌਂਦਾ ਦੇ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ ਅਤੇ ਸੁਖਮਿੰਦਰ ਸਿੰਘ ਉੱਪਲੀ ਨੇ ਕਿਹਾ ਕਿ ਇਨਕਲਾਬ -ਜਿੰਦਾਬਾਦ ਦੇ ਨਾਹਰਿਆਂ ਨਾਲ ਸਤਾ ਉੱਪਰ ਕਾਬਜ਼ ਹੋਈ ਭਗਵੰਤ ਮਾਨ ਸਰਕਾਰ ਦਾ ਕਾਂਗਰਸ, ਅਕਾਲੀ-ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨਾਲੋਂ ਨੀਤੀ ਦੀ ਪੱਧਰ ਤੇ ਕੋਈ ਫ਼ਰਕ ਨਹੀਂ ਹੈ। ਡੇਢ ਸਾਲ ਦਾ ਲੰਮਾ ਅਰਸਾ ਬੀਤ ਜਾਣ ਬਾਅਦ ਵੀ ਪਿੰਡਾਂ ਵਿੱਚ ਨਾ ਅਧਿਆਪਕ ਹਨ, ਨਾ ਡਾਕਟਰ ਹਨ, ਨਾ ਹੀ ਪਟਵਾਰੀ ਹਨ। ਪਿੰਡ ਦੇ ਲੋਕਾਂ ਨੂੰ ਹਰ ਛੋਟੇ ਵੱਡੇ ਮਸਲੇ ਲਈ ਪਟਵਾਰੀ ਦੀ ਜ਼ਰੂਰਤ ਹੁੰਦੀ ਹੈ। ਇਸ ਸਮੇਂ ਭੂਰਾ ਸਿੰਘ ਚਾਹਲ,ਰਣ ਸਿੰਘ ਰਾਣਾ, ਕੁਲਵਿੰਦਰ ਸਿੰਘ ਉੱਪਲੀ ਆਦਿ ਆਗੂਆਂ ਕਿਹਾ ਕਿ ਪਟਵਾਰੀ ਦੀ ਤੈਨਾਤੀ ਕਰਕੇ ਲੋਕਾਂ ਦੀ ਖੱਜਲਖੁਆਰੀ ਦੂਰ ਨਾ ਕੀਤੀ ਗਈ ਤਾਂ ਸੰਘਰਸ਼ ਕੀਤਾ ਜਾਵੇਗਾ।







