ਹੌਟ ਸੀਟ 'ਤੇ ਦਿਨ ਭਰ ਚੱਲਿਆ ਹਾਈ-ਵੋਲਟੇਜ ਡਰਾਮਾ, ਦੇਰ ਸ਼ਾਮ ਇਤਰਾਜ਼ ਹੋਇਆ ਵਾਪਸ, ਭਾਜਪਾ ਨੇ ਢੋਲ ਵਜਾ ਕੇ ਮਨਾਇਆ ਜਸ਼ਨ
- Reporter 12
- 18 May, 2026 21:17
ਹੌਟ ਸੀਟ 'ਤੇ ਦਿਨ ਭਰ ਚੱਲਿਆ ਹਾਈ-ਵੋਲਟੇਜ ਡਰਾਮਾ, ਦੇਰ ਸ਼ਾਮ ਇਤਰਾਜ਼ ਹੋਇਆ ਵਾਪਸ, ਭਾਜਪਾ ਨੇ ਢੋਲ ਵਜਾ ਕੇ ਮਨਾਇਆ ਜਸ਼ਨ
ਬਰਨਾਲਾ
ਬਰਨਾਲਾ ਵਿਖੇ 26 ਜੂਨ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਸੋਮਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਜ਼ਬਰਦਸਤ ਹੰਗਾਮਾ ਖੜ੍ਹਾ ਹੋ ਗਿਆ। ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸ਼ਰਨਜੀਤ ਸਿੰਘ, ਵਾਰਡ 31 ਤੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਅਤੇ ਆਜ਼ਾਦ ਉਮੀਦਵਾਰ ਸਵੀਟੀ ਦੇ ਕਾਗਜ਼ਾਂ 'ਤੇ ਇਤਰਾਜ਼ ਲਗਾਏ ਜਾਣ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਅਤੇ ਉੱਥੇ ਭਾਰੀ ਭੀੜ ਇਕੱਠੀ ਹੋ ਗਈ। ਸਭ ਤੋਂ ਵੱਧ ਵਿਵਾਦ ਹੌਟ ਸੀਟ ਵਾਰਡ ਨੰਬਰ 31 (ਸਦਰ ਬਾਜ਼ਾਰ) ਨੂੰ ਲੈ ਕੇ ਹੋਇਆ, ਜਿੱਥੇ ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਬਣੇ ਰੈਂਪ ਅਤੇ ਦੋ ਫੁੱਟ ਬਾਹਰ ਨਿਕਲੇ ਛੱਜੇ ਨੂੰ ਬਹਾਨਾ ਬਣਾ ਕੇ ਇਤਰਾਜ਼ ਜਤਾਇਆ ਗਿਆ ਸੀ। ਇਸ 'ਤੇ ਭਾਜਪਾ ਆਗੂਆਂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਾਣਬੁੱਝ ਕੇ ਮਜ਼ਬੂਤ ਉਮੀਦਵਾਰਾਂ ਦੇ ਪਰਚੇ ਰੱਦ ਕਰਵਾਉਣ ਦੇ ਦੋਸ਼ ਲਾਏ। ਦੂਜੇ ਪਾਸੇ, 'ਆਪ' ਉਮੀਦਵਾਰ ਤਮੰਨਾ ਦੇ ਪਤੀ ਨੀਰਜ ਜਿੰਦਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਇਤਰਾਜ਼ ਉਨ੍ਹਾਂ ਵੱਲੋਂ ਨਹੀਂ ਬਲਕਿ ਇੱਕ ਹੋਰ ਮਹਿਲਾ ਉਮੀਦਵਾਰ ਵੱਲੋਂ ਲਗਾਏ ਗਏ ਸਨ। ਹੰਗਾਮੇ ਦਰਮਿਆਨ ਏਡੀਸੀ ਵਿਵੇਕ ਮੋਦੀ ਨੇ ਕਿਹਾ ਕਿ ਪੜਤਾਲ ਨਿਯਮਾਂ ਅਨੁਸਾਰ ਹੀ ਕੀਤੀ ਜਾ ਰਹੀ ਹੈ। ਦਿਨ ਭਰ ਚੱਲੇ ਇਸ ਹਾਈ-ਵੋਲਟੇਜ ਡਰਾਮੇ ਤੋਂ ਬਾਅਦ, ਦੇਰ ਸ਼ਾਮ ਇਤਰਾਜ਼ ਲਗਾਉਣ ਵਾਲੀ ਮਹਿਲਾ ਉਮੀਦਵਾਰ ਨੇ ਆਪਣੀ ਸ਼ਿਕਾਇਤ ਅਚਾਨਕ ਵਾਪਸ ਲੈ ਲਈ, ਜਿਸ ਮਗਰੋਂ ਪ੍ਰਸ਼ਾਸਨ ਨੇ ਸਾਰਿਆਂ ਨੂੰ ਕਲੀਅਰੈਂਸ ਦੇ ਦਿੱਤੀ। ਕਾਗਜ਼ ਸਹੀ ਪਾਏ ਜਾਣ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਨੇ ਢੋਲ-ਧਮੱਕੇ ਨਾਲ ਵਿਜੇ ਜਲੂਸ ਕੱਢਿਆ, ਜਦਕਿ ਸ਼ਿਕਾਇਤਕਰਤਾ ਮਹਿਲਾ ਬਿਨਾਂ ਕੁਝ ਬੋਲੇ ਚੁੱਪਚਾਪ ਉੱਥੋਂ ਚਲੀ ਗਈ।







