ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਵਿੱਚ ਤੇਜ਼ ਹੋਈ ਬਗਾਵਤ: ਟਿਕਟ ਕੱਟੇ ਜਾਣ 'ਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਵਿੱਢਿਆ 'ਮਿਸ਼ਨ 2027'
- Admin Default
- 19 Nov, 2026 13:01
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਵਿੱਚ ਤੇਜ਼ ਹੋਈ ਬਗਾਵਤ: ਟਿਕਟ ਕੱਟੇ ਜਾਣ 'ਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਵਿੱਢਿਆ 'ਮਿਸ਼ਨ 2027'
ਬਠਿੰਡਾ, ਪੰਜਾਬ
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਠੀਕ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ (AAP) ਵਿੱਚ ਬਗਾਵਤ ਦੇ ਸੁਰ ਤੇਜ਼ ਹੋ ਗਏ ਹਨ। ਤਿੰਨ ਵਿਧਾਇਕ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਹੁਣ ਬਠਿੰਡਾ ਦੇ ਮੌੜ ਹਲਕੇ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਵੀ ਬਗਾਵਤ ਦਾ ਝੰਡਾ ਬੁਲੰਦ ਕਰ ਲਿਆ ਹੈ। ਪਾਰਟੀ ਵੱਲੋਂ ਜਾਰੀ ਕੀਤੀਆਂ ਗਈਆਂ ਦੋ ਸੂਚੀਆਂ ਵਿੱਚ ਟਿਕਟ ਨਾ ਦਿੱਤੇ ਜਾਣ ਕਾਰਨ ਮਾਈਸਰਖਾਨਾ ਨੇ ਆਪਣੀ ਤਿੱਖੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਮਾਈਸਰਖਾਨਾ ਨੇ ਆਪਣੇ ਪੱਧਰ 'ਤੇ ਚੋਣ ਤਿਆਰੀਆਂ ਵਿੱਢ ਦਿੱਤੀਆਂ ਹਨ ਅਤੇ 'ਮੇਰਾ ਹਲਕਾ, ਮੇਰਾ ਪਰਿਵਾਰ' ਮੁਹਿੰਮ ਤਹਿਤ 'ਮਿਸ਼ਨ 2027' ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੁਹਿੰਮ ਅਧੀਨ ਉਹ ਰੋਜ਼ਾਨਾ ਪਿੰਡਾਂ ਦਾ ਦੌਰਾ ਕਰਕੇ ਸਮਰਥਕਾਂ ਦੇ ਘਰਾਂ ਵਿੱਚ 'ਚਾਹ 'ਤੇ ਚਰਚਾ' ਅਤੇ 'ਲੋਕ ਮਿਲਣੀ' ਪ੍ਰੋਗਰਾਮ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੀ ਰਿਹਾਇਸ਼ 'ਤੇ ਜਨਤਾ ਦਰਬਾਰ ਲਗਾ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਦਿਆਂ ਉਨ੍ਹਾਂ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਉਹ ਟਿਕਟ ਦੀ ਦੌੜ ਵਿੱਚੋਂ ਬਾਹਰ ਨਹੀਂ ਹੋਏ, ਸਗੋਂ ਲਾਈਨ, ਦੌੜ ਅਤੇ ਚੋਣ ਮੈਦਾਨ ਵਿੱਚ ਨੰਬਰ-1 'ਤੇ ਹਨ ਅਤੇ ਚੜ੍ਹਦੀ ਕਲਾ ਵਿੱਚ ਰਹਿਣਗੇ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ 3 ਅਕਤੂਬਰ 2026 ਨੂੰ ਮਾਈਸਰਖਾਨਾ ਦੀ ਮੁੱਢਲੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਸੀ। ਦਰਅਸਲ, ਇਸ ਕਾਰਵਾਈ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਫੇਸਬੁੱਕ ਲਾਈਵ ਹੋ ਕੇ ਆਪਣੀ ਹੀ ਸਰਕਾਰ ਦੀ 'ਸਿੱਖਿਆ ਕ੍ਰਾਂਤੀ' 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਭਾਵੁਕ ਹੁੰਦਿਆਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਹਲਕੇ ਦੇ ਸਰਕਾਰੀ ਸਕੂਲਾਂ ਅਤੇ ਇੱਥੋਂ ਤੱਕ ਕਿ ਬਠਿੰਡਾ ਦੇ ਜਿਸ 'ਸਕੂਲ ਆਫ਼ ਐਮੀਨੈਂਸ' ਵਿੱਚ ਉਨ੍ਹਾਂ ਦਾ ਆਪਣਾ ਪੁੱਤਰ ਪੜ੍ਹਦਾ ਹੈ, ਉੱਥੇ ਵੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਸੀ ਕਿ ਭਾਵੇਂ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਜਾਵੇ, ਪਰ ਉਹ ਬੱਚਿਆਂ ਦੀ ਪੜ੍ਹਾਈ ਲਈ ਆਵਾਜ਼ ਚੁੱਕਦੇ ਰਹਿਣਗੇ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਤੱਥਾਂ ਤੋਂ ਪਰੇ ਦੱਸਦਿਆਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।
---
Ahead of the 2027 Punjab Assembly elections, rebellion intensifies in AAP as suspended Maur MLA Sukhveer Singh Maiserkhana launches 'Mission 2027' after being denied a ticket and questioning the government's education model.
पंजाब विधानसभा चुनाव 2027 से पहले आप में बगावत तेज हो गई है, टिकट कटने के बाद मौड़ से विधायक सुखवीर सिंह माइसरखाना ने 'मिशन 2027' की शुरुआत कर विरोधियों को कड़ा संदेश दिया है।
Sukhveer Singh Maiserkhana, Punjab Politics, AAP Rebellion, Punjab Assembly Elections 2027, Maur MLA, Bathinda News, School of Eminence, Punjab News, Aam Aadmi Party, Latest Punjab News







