ਐਂਬੂਲੈਂਸ ਸਟਾਫ ਦੀ ਕਲਮ ਛੋੜ ਹੜਤਾਲ ਨੂੰ ਇਕ ਮਹੀਨਾ ਹੋਣ ਦੇ ਬਾਵਜੂਦ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ ਐਂਬੂਲੈਂਸ ਸਟਾਫ ਵੱਲੋਂ ਭ੍ਰਿਸ਼ਟ ਕੰਪਨੀ ਖਿਲਾਫ ਤਿੱਖੇ ਸੰਘਰਸ਼ ਦਾ ਫੈਸਲਾ
- Admin Default
- 15 Dec, 2023 01:29
ਐਂਬੂਲੈਂਸ ਸਟਾਫ ਦੀ ਕਲਮ ਛੋੜ ਹੜਤਾਲ ਨੂੰ ਇਕ ਮਹੀਨਾ ਹੋਣ ਦੇ ਬਾਵਜੂਦ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ
ਐਂਬੂਲੈਂਸ ਸਟਾਫ ਵੱਲੋਂ ਭ੍ਰਿਸ਼ਟ ਕੰਪਨੀ ਖਿਲਾਫ ਤਿੱਖੇ ਸੰਘਰਸ਼ ਦਾ ਫੈਸਲਾ
ਬਰਨਾਲਾ, 15 ਦਸੰਬਰ
ਪੰਜਾਬ ਨਾਲ ਸਬੰਧਤ 108 ਐਂਬੂਲੈਂਸ ਸਟਾਫ ਦੀ ਚੱਲ ਰਹੀ ਸੂਬਾ ਪੱਧਰੀ ਕਲਮ ਛੋੜ ਹੜਤਾਲ ਨੂੰ ਇਕ ਮਹੀਨਾ ਬੀਤਣ ਦੇ ਬਾਵਜੂਦ ਸਰਕਾਰ ਵੱਲੋਂ ਧਾਰੀ ਚੁੱਪ ਕਾਰਨ ਐਂਬੂਲੈਂਸ ਸਟਾਫ ਤਿੱਖਾ ਸੰਘਰਸ਼ ਵਿੱਢਣ ਦੇ ਰੌਂਅ ਵਿੱਚ ਨਜਰ ਆ ਰਿਹਾ ਹੈ।ਅੱਜ ਜਿਲ੍ਹਾ ਬਰਨਾਲਾ ਦੇ 108 ਐਂਬੂਲੈਂਸ ਨਾਲ ਸਬੰਧਤ ਸਟਾਫ ਨੇ ਦੱਸਿਆ ਕਿ ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਨਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਐਂਬੂਲੈਂਸ ਸਟਾਫ ਦੀ ਇਕ ਮਹੀਨੇ ਤੋਂ ਕਲਮ ਛੋੜ ਹੜਤਾਲ ਚੱਲ ਰਹੀ ਹੈ ਜਦਕਿ 23 ਦਿਨ ਤੋਂ ਭੁੱਖ ਹੜਤਾਲ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ 108 ਐਂਬੂਲੈਂਸ ਸਟਾਫ ਦੇ ਜਿਲ੍ਹਾ ਪ੍ਰਧਾਨ ਬਲਦੀਪ ਬਰਨਾਲਾ,ਜਨਰਲ ਸਕੱਤਰ ਜਸ਼ਨਦੀਪ ਧੂਰਕੋਟ ਅਤੇ ਖਜ਼ਾਨਚੀ ਜਸਵੰਤ ਪੱਖੋ ਨੇ ਦੱਸਿਆ ਕਿ ਉਹ 108 ਐਂਬੂਲੈਂਸ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਪਰ 108 ਐਂਬੂਲੈਂਸ ਚਲਾ ਰਹੀ ਕੰਪਨੀ ਸਰਕਾਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਾਅਦਾ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਉਨ੍ਹਾਂ ਦੀ ਤਨਖਾਹ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ 108 ਐਂਬੂਲੈਂਸਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਹਰਿਆਣਾ ਦੀ ਤਰਜ ‘ਤੇ 35 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਵੇ।
ਉਨ੍ਹਾਂ ਕਿਹਾ ਕਿ ਫਾਰਮੇਸੀ/ਨਰਸਿੰਗ ਕੀਤੀ ਹੋਣ ਦੇ ਬਾਵਜੂਦ ਕੰਪਨੀ ਵੱਲੋਂ ਸਿਰਫ 9500 ਰੁਪਏ ਮਹੀਨਾ ਤਨਖਾਹ ਮਿਲ ਰਹੀ ਹੈ ਜਦਕਿ ਕੰਪਨੀ ਸਰਕਾਰ ਤੋਂ ਜਿਆਦਾ ਪੈਸੇ ਲੈ ਰਹੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਸਾਰੇ ਮੁਲਾਜ਼ਮਾਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ ਅਤੇ ਡਿਊਟੀ ਦਾ ਸਮਾਂ 12 ਘੰਟੇ ਦੀ ਬਜਾਏ 8 ਘੰਟੇ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਐਂਬੂਲੈਂਸ ਚਲਾਉਣ ਵਾਲੀ ਕੰਪਨੀ ਭਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ ਇਸ ਲਈ ਸਰਕਾਰ ਇਹ ਸੇਵਾਵਾਂ ਸਿੱਧਾ ਆਪਣੇ ਅਧੀਨ ਲਵੇ।
ਉਨ੍ਹਾਂ ਕਿਹਾ ਕਿ ਸਾਲ 2011 ਤੋਂ ਇਕ ਨਿੱਜੀ ਕੰਪਨੀ ਜੈਡਐਚ ਪੰਜਾਬ ਰਾਜ ਵਿਚ 108 ਐਂਬੂਲੈਂਸ ਸੇਵਾ ਨੂੰ ਇਕਰਾਰਨਾਮੇ ਤਹਿਤ ਸੰਭਾਲ ਰਹੀ ਹੈ ਅਤੇ ਸਾਰੀਆਂ ਭਰਤੀਆਂ ਦਾ ਇਸ਼ਤਿਆਰ ਕੱਢਣ ਤੋਂ ਬਾਅਦ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਨੌਕਰੀ ਵਿਚ ਭਰਤੀ ਕੀਤਾ ਗਿਆ ਸੀ ਪਰ ਪਿਛਲੇ ਇਕ ਦਹਾਕੇ ਤੋਂ ਕਿਸੇ ਵੀ ਕਰਮਚਾਰੀ ਨੂੰ ਨਾ ਤਾਂ ਕਦੇ ਤਨਖਾਹ ਵਿਚ ਵਾਧਾ ਕੀਤਾ ਅਤੇ ਨਾ ਹੀ ਬੋਨਸ ਮਿਲਿਆ ਹੈ ਤੇ ਨਾ ਹੀ ਸਹੀ ਮਿਆਰ ਦੇ ਅਨੁਸਾਰ ਤਨਖਾਹ ਦਾ ਭੁਗਤਾਨ ਕੀਤਾ ਗਿਆ ਹੈ। ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ 108 ਐਂਬੂਲੈਂਸ ਮੁਲਾਜ਼ਮ ਤਿਖਾ ਸੰਘਰਸ਼ ਵਿੱਢਣਗੇ।







