ਪੰਜਾਬ ਸਿਆਸਤ ਵਿੱਚ ਮਹਾਂ-ਧਮਾਕਾ: ਭਾਜਪਾ ਦਾ ਵੱਡਾ ਐਲਾਨ
- Admin Default
- 23 Apr, 2026 13:00
ਪੰਜਾਬ ਸਿਆਸਤ ਵਿੱਚ ਮਹਾਂ-ਧਮਾਕਾ: ਭਾਜਪਾ ਦਾ ਵੱਡਾ ਐਲਾਨ
ਨਵੀਂ ਦਿੱਲੀ
ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਭੂਚਾਲ ਆ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਆਗੂ ਨਿਤਿਨ ਨਬੀਨ ਨੇ ਪਾਰਟੀ ਦੇ ਭਵਿੱਖੀ ਰਣਨੀਤੀ ਦਾ ਵੱਡਾ ਖੁਲਾਸਾ ਕਰਦਿਆਂ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤੇ ਦੀਆਂ ਚੱਲ ਰਹੀਆਂ ਸਾਰੀਆਂ ਅਟਕਲਾਂ 'ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਨਿਤਿਨ ਨਬੀਨ ਨੇ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਅਤੇ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜੇਗੀ।
ਉਨ੍ਹਾਂ ਕਿਹਾ ਕਿ ਪਹਿਲਾਂ ਗੱਠਜੋੜ ਦੌਰਾਨ ਭਾਜਪਾ ਨੂੰ ਪੰਜਾਬ ਵਿੱਚ ਘੱਟ ਸੀਟਾਂ ਮਿਲਦੀਆਂ ਰਹੀਆਂ ਹਨ, ਜਿਸ ਕਾਰਨ ਪਾਰਟੀ ਦਾ ਅਧਾਰ ਸੀਮਤ ਰਿਹਾ, ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਅੱਜ ਪੰਜਾਬ ਵਿੱਚ ਭਾਜਪਾ ਦਾ ਜਥੇਬੰਦਕ ਢਾਂਚਾ ਬਹੁਤ ਮਜਬੂਤ ਹੈ ਅਤੇ ਲੋਕਾਂ ਵਿੱਚ ਪਾਰਟੀ ਦੀ ਪਕੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀ ਹੈ। ਪਾਰਟੀ ਹਾਈਕਮਾਂਡ ਦੇ ਇਸ ਐਲਾਨ ਤੋਂ ਬਾਅਦ ਹੁਣ ਇਹ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ ਕਿ ਪੁਰਾਣੇ ਸਹਿਯੋਗੀ ਰਹੇ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਪਈ ਦੂਰੀ ਹੁਣ ਦੋਸਤੀ ਵਿੱਚ ਨਹੀਂ ਬਦਲੇਗੀ।
ਇਸ ਫੈਸਲੇ ਨੇ ਪੰਜਾਬ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੇ ਹਨ। ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਦਾ ਇਕੱਲੇ-ਇਕੱਲੇ ਚੋਣ ਲੜਨਾ ਦੋਵਾਂ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਮਾਹਰਾਂ ਅਨੁਸਾਰ ਜੇਕਰ ਇਹ ਗੱਠਜੋੜ ਹੋ ਜਾਂਦਾ ਤਾਂ ਸੱਤਾਧਾਰੀ ਧਿਰ ਨੂੰ ਸਖ਼ਤ ਟੱਕਰ ਮਿਲ ਸਕਦੀ ਸੀ, ਪਰ ਹੁਣ ਵੋਟਾਂ ਦੇ ਖਿੰਡਾਅ ਦਾ ਸਿੱਧਾ ਲਾਭ 'ਆਮ ਆਦਮੀ ਪਾਰਟੀ' ਨੂੰ ਮਿਲਦਾ ਦਿਖਾਈ ਦੇ ਰਿਹਾ ਹੈ। ਰਾਜਨੀਤਿਕ ਪੰਡਿਤਾਂ ਮੁਤਾਬਕ ਭਾਜਪਾ ਅਤੇ ਅਕਾਲੀ ਦਲ ਦੀ ਆਪਸੀ ਫੁੱਟ ਕਾਰਨ ਪੰਜਾਬ ਵਿੱਚ ਦੁਬਾਰਾ 'ਆਪ' ਦੀ ਸੱਤਾ ਵਾਪਸੀ ਦੇ ਰਸਤੇ ਸੌਖੇ ਹੋ ਸਕਦੇ ਹਨ। ਭਾਜਪਾ ਦੇ ਇਸ 'ਏਕਲਾ ਚਲੋ ਰੇ' ਦੇ ਫੈਸਲੇ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਹੋਰ ਵੀ ਦਿਲਚਸਪ ਅਤੇ ਮਹੱਤਵਪੂਰਨ ਬਣਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਆਪਣੇ ਦਮ 'ਤੇ ਪੰਜਾਬ ਦੀ ਸਿਆਸਤ ਵਿੱਚ ਕੀ ਨਵਾਂ ਇਤਿਹਾਸ ਸਿਰਜਦੀ ਹੈ।







