:

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਮਹਿਲ ਕਲਾਂ ਹਲਕੇ ਦਾ ਦੌਰਾ


ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਮਹਿਲ ਕਲਾਂ ਹਲਕੇ ਦਾ ਦੌਰਾ

- ਲੋਕਾਂ ਦੀ ਸਹੂਲਤ ਲਈ ਸਿਵਲ ਹਸਪਤਾਲ ਨੂੰ  ਐਮਪੀ ਕੋਟੇ ਵਿੱਚੋਂ ਐਂਬੂਲੈਂਸ ਦੇਣ ਦਾ ਕੀਤਾ ਐਲਾਨ
- ਸਿਵਲ ਹਸਪਤਾਲ ਵਿਚਲੀਆਂ ਘਾਟਾਂ ਨੂੰ  ਦੂਰ ਕਰਕੇ ਲੋਕਾਂ ਨੂੰ  ਸਿਹਤ ਸੇਵਾਵਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇ- ਐਮ.ਪੀ. ਮਾਨ

ਬਰਨਾਲਾ/ਮਹਿਲ ਕਲਾਂ, 23 ਅਗਸਤ

ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਲੋਕਾਂ ਦੀਆਂ ਮੁਸ਼ਕਿਲਾਂ ਜਾਨਣ ਲਈ ਹਲਕਾ ਮਹਿਲ ਕਲਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਲੋਕਾਂ ਵੱਲੋਂ ਐਮ.ਪੀ. ਸ. ਮਾਨ ਨੂੰ  ਹਸਪਤਾਲ ਵਿਚ ਡਾਕਟਰਾਂ, ਸਟਾਫ ਅਤੇ ਹੋਰ ਮਸ਼ੀਨਰੀਆਂ ਦੀ ਘਾਟ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਦੀ ਸਹੂਲਤ ਦੇ ਮੱਦੇਨਜਰ ਹਸਪਤਾਲ ਵਿਚਲੀਆਂ ਘਾਟਾਂ ਨੂੰ  ਪੂਰਾ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਲੋਕਾਂ ਨੂੰ  ਸਿਹਤ ਸਹੂਲਤਾਂ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ  ਧਿਆਨ ਨਾਲ ਸੁਨਣ ਉਪਰੰਤ ਐਮ.ਪੀ. ਸ. ਮਾਨ ਨੇ ਜਿੱਥੇ ਹਲਕੇ ਦੇ ਲੋਕਾਂ ਨੂੰ  ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ  ਦੂਰ ਕਰਵਾਉਣ ਦਾ ਭਰੋਸਾ ਦਿੱਤਾ, ਉੱਥੇ ਹੀ ਲੋਕਾਂ ਦੀ ਸਹੂਲਤ ਲਈ ਸਿਵਲ ਹਸਪਤਾਲ ਨੂੰ  ਇੱਕ ਐਂਬੂਲੈਂਸ ਭੇਂਟ ਕਰਨ ਦਾ ਐਲਾਨ ਵੀ ਕੀਤਾ |
ਇਸ ਮੌਕੇ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਲੋਕਾਂ ਲਈ ਸਿਹਤ ਸਹੂਲਤਾਂ ਦਾ ਪੁਖਤਾ ਪ੍ਰਬੰਧ ਕਰਨਾ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ ਪਰ ਮੌਜੂਦਾ ਸਰਕਾਰ ਆਪਣੀ ਮੁੱਢਲੀ ਜਿੰਮੇਵਾਰੀ ਨੂੰ  ਨਿਭਾਉਣ ਵਿੱਚ ਵੀ ਨਾਕਾਮ ਸਾਬਤ ਹੋ ਰਹੀ ਹੈ | ਇਸ਼ਤਿਹਾਰਾਂ ਵਿੱਚ ਸੂਬੇ ਦੇ ਰਿਕਾਰਡਤੋੜ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦੋਂਕਿ ਅਸਲੀਅਤ ਵਿੱਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ | ਸਿਹਤ ਸਹੂਲਤਾਂ ਪੱਖੋਂ ਬਹੁਤ ਹੀ ਬੁਰਾ ਹਾਲ ਹੈ | ਪੰਜਾਬ ਦੇ ਜਿਆਦਾਤਰ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਦੀ ਭਾਰੀ ਘਾਟ ਹੈ | ਸਿਵਲ ਹਸਪਤਾਲ ਵਿੱਚ ਮਸ਼ੀਨਰੀ ਨਾ ਹੋਣ ਕਰਕੇ ਲੋਕਾਂ ਨੂੰ  ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਲਈ ਮਜਬੂਰ ਹੋਣਾ ਪੈ ਰਿਹਾ ਹੈ | ਸ. ਮਾਨ ਨੇ ਕਿਹਾ ਕਿ ਇੱਕ ਐਮ.ਪੀ. ਹੋਣ ਦੇ ਨਾਤੇ ਉਹ ਆਪਣੇ ਹਲਕੇ ਨੂੰ  ਹਰ ਪੱਖੋਂ ਖੁਸ਼ਹਾਲ ਦੇਖਣਾ ਚਾਹੁੰਦੇ ਹਨ | ਇਸ ਲਈ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਲਕੇ ਲਈ ਵੱਧੋਂ-ਵੱਧ ਗ੍ਰਾਂਟਾਂ ਉਹ ਕੇਂਦਰ ਤੋਂ ਮੰਜੂਰ ਕਰਵਾ ਸਕਣ ਅਤੇ ਵੱਡੇ ਪ੍ਰੋਜੈਕਟ ਹਲਕੇ ਲਈ ਪਾਸ ਕਰਵਾ ਸਕਣ | ਉਨ੍ਹਾਂ ਲੋਕਾਂ ਨੂੰ  ਅਪੀਲ ਕੀਤੀ ਕਿ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ (ਅ) ਦਾ ਸਾਥ ਦਿਓ | ਇਸ ਦੌਰਾਨ ਐਮ.ਪੀ. ਸ. ਮਾਨ ਨੇ ਹਲਕੇ ਦੀ ਸੰਘਰਸ਼ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਹਰ ਸੰਘਰਸ਼ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ |
ਇਸ ਮੌਕੇ ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਮਹਿੰਦਰ ਸਿੰਘ ਸਹਿਜੜਾ, ਬਲਦੇਵ ਸਿੰਘ ਗੰਗਹੋਰ, ਸਰਪੰਚ ਸੁਖਵਿੰਦਰ ਸਿੰਘ ਗੰਗਹੋਰ, ਜੀਤ ਸਿੰਘ ਮਾਂਗੇਵਾਲ, ਐਡਵੋਕੇਟ ਬੀਬੀ ਮਨਵੀਰ ਕੌਰ ਰਾਹੀ, ਜੱਸਾ ਸਿੰਘ ਮਾਣਕੀ, ਮਹਿੰਦਰ ਸਿੰਘ ਮਹਿਲ ਕਲਾਂ, ਸੁਖਵਿੰਦਰ ਸਿੰਘ ਪੱਪੂ, ਨੰਬਰਦਾਰ ਲਾਭ ਸਿੰਘ, ਗੋਬਿੰਦ ਸਿੰਘ ਚੁਹਾਣਕੇ, ਭੋਲਾ ਸਿੰਘ ਕਲਾਲਾ, ਅਜਮੇਰ ਸਿੰਘ ਮਹਿਲ ਕਲਾਂ, ਚਮਕੌਰ ਸਿੰਘ ਸਹਿਜੜਾ, ਪ੍ਰਗਟ ਸਿੰਘ ਕੁਰੜ, ਜਗਸੀਰ ਸਿੰਘ ਸੰਘੇੜਾ, ਮੱਖਣ ਸਿੰਘ ਸੰਘੇੜਾ, ਸੁਖਦੇਵ ਸਿੰਘ ਆਦਿ ਆਗੂ ਹਾਜਰ ਸਨ |