ਠੀਕਰੀਵਾਲ ਵਾਸੀਆਂ ਨੂੰ ਐਮ.ਪੀ. ਸੰਗਰੂਰ ਨੇ ਦਿੱਤਾ ਓਪਨ ਜਿੰਮ ਦਾ ਤੋਹਫਾ
- Reporter 21
- 24 Aug, 2023 05:45
ਠੀਕਰੀਵਾਲ ਵਾਸੀਆਂ ਨੂੰ ਐਮ.ਪੀ. ਸੰਗਰੂਰ ਨੇ ਦਿੱਤਾ ਓਪਨ ਜਿੰਮ ਦਾ ਤੋਹਫਾ
ਬਰਨਾਲਾ, 24 ਅਗਸਤ
- ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਠੀਕਰੀਵਾਲ ਨਿਵਾਸੀਆਂ ਨੂੰ ਆਪਣੇ ਅਧਿਕਾਰਤ ਕੋਟੇ ਵਿੱਚ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਓਪਨ ਜਿੰਮ ਦਾ ਤੋਹਫਾ ਦਿੱਤਾ ਗਿਆ ਹੈ | ਸ. ਮਾਨ ਨੇ ਠੀਕਰੀਵਾਲ ਵਿਖੇ ਓਪਨ ਜਿੰਮ ਦਾ ਉਦਘਾਟਨ ਕਰਨ ਉਪਰੰਤ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਗੀ ਸਿਹਤ ਮਨੁੱਖੀ ਜੀਵਨ ਲਈ ਅਨਮੋਲ ਖਜਾਨਾ ਹੈ ਪਰ ਅੱਜ ਕੱਲ ਭੱਜਦੌੜ ਅਤੇ ਮਹਿੰਗਾਈ ਦੇ ਦੌਰ ਵਿੱਚ ਸਿਹਤ ਸੰਭਾਲ ਵੀ ਇੱਕ ਚੁਣੌਤੀ ਬਣ ਕੇ ਰਹਿ ਗਈ ਹੈ | ਸ. ਮਾਨ ਨੇ ਕਿਹਾ ਕਿ ਸਰੀਰਿਕ ਤੰਦਰੁਸਤੀ ਲਈ ਰੋਜਾਨਾ ਕਸਰਤ ਕਰਨਾ ਬੇਹੱਦ ਜਰੂਰੀ ਹੈ ਪਰ ਸਮੇਂ ਅਤੇ ਪੈਸੇ ਦੀ ਘਾਟ ਕਰਕੇ ਬਹੁਤ ਸਾਰੇ ਲੋਕ ਰੋਜਾਨਾ ਕਸਰਤ ਲਈ ਜਿੰਮ ਵਗੈਰਾ ਵੀ ਨਹੀਂ ਜਾ ਸਕਦੇ | ਇਸ ਲਈ ਉਨ੍ਹਾਂ ਵੱਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਹ ਓਪਨ ਜਿੰਮ ਲਗਵਾਇਆ ਗਿਆ ਹੈ ਤਾਂ ਜੋ ਇਲਾਕੇ ਦੇ ਲੋਕ ਮੁਫਤ ਵਿੱਚ ਇਸ ਓਪਨ ਜਿੰਮ ਵਿੱਚ ਆ ਕੇ ਆਪਣੀ ਸਿਹਤ ਸੰਭਾਲ ਲਈ ਕਸਰਤ ਕਰ ਸਕਣ | ਐਮ.ਪੀ. ਸੰਗਰੂਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਓਪਨ ਜਿੰਮ ਪੂਰੇ ਹਲਕੇ ਵਿੱਚ ਵੱਖ-ਵੱਖ ਥਾਵਾਂ 'ਤੇ ਲਗਵਾਏ ਜਾ ਰਹੇ ਹਨ, ਤਾਂ ਜੋ ਹਲਕੇ ਦੇ ਲੋਕਾਂ ਨੂੰ ਸਰੀਰਿਕ ਤੰਦਰੁਸਤੀ ਲਈ ਪੈਸੇ ਖਰਚਣ ਦੀ ਲੋੜ ਨਾ ਪਵੇ | ਸ. ਮਾਨ ਨੇ ਹਾਜਰੀਨ ਨੂੰ ਭਰੋਸਾ ਦੁਆਇਆ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਲਾਕੇ ਵਿਚਲੀਆਂ ਹੋਰ ਘਾਟਾਂ ਨੂੰ ਵੀ ਜਲਦੀ ਹੀ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਲਦੀ ਹੀ ਪੂਰੇ ਲੋਕ ਸਭਾ ਹਲਕੇ ਦੇ ਮੁਕੰਮਲ ਬਿਜਲੀ ਨਵੀਨੀਕਰਨ ਵੀ ਹੋ ਜਾਵੇਗਾ, ਜਿਸ ਨਾਲ ਇਲਾਕੇ ਦੀ ਵਾਰ ਵਾਰ ਬਿਜਲੀ ਜਾਣ ਦੀ ਸਮੱਸਿਆ ਦਾ ਵੀ ਪੱਕੇ ਤੌਰ 'ਤੇ ਹੱਲ ਹੋ ਜਾਵੇਗਾ | ਬਿਜਲੀ ਦੇ ਨਵੀਨੀਕਰਨ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਪਾਸ ਕਰਵਾਇਆ ਜਾ ਚੁੱਕਾ ਹੈ |
ਇਸ ਮੌਕੇ ਗੁਰਜੰਟ ਸਿੰਘ ਕੱਟੂ ਹਲਕਾ ਇੰਚਾਰਜ ਮਹਿਲ ਕਲਾਂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਰਣਜੀਤ ਸਿੰਘ ਇਕਾਈ ਪ੍ਰਧਾਨ, ਭਲਵਾਨ ਸਿੰਘ, ਯਾਦਵਿੰਦਰ ਸਿੰਘ ਵੈਦ, ਜਥੇਦਾਰ ਲਾਭ ਸਿੰਘ, ਸੁਰਜੀਤ ਸਿੰਘ ਯੂਥ ਆਗੂ, ਗੋਲਡੀ ਠੀਕਰੀਵਾਲ, ਸਰਬਜੀਤ ਸਿੰਘ ਠੀਕਰੀਵਾਲ, ਯੂਥ ਵਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜਰ ਸਨ |







