:

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 12 ਅਗਸਤ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ


ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 12 ਅਗਸਤ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ 

ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਵੱਲੋਂ ਸੂਬਾ ਕਨਵੈਨਸ਼ਨ 20 ਅਗਸਤ ਨੂੰ ਜਲੰਧਰ - ਸ਼ਿੰਦਰ ਧੌਲਾ 


ਬਰਨਾਲਾ 7 ਅਗਸਤ ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਰਜਿ 56 ਵੱਲੋਂ ਸ਼ਹਿਰੀ ਅਤੇ ਦਿਹਾਤੀ ਮੰਡਲਾਂ ਦੀ ਸਾਂਝੀ ਵੱਡੀ ਮੀਟਿੰਗ ਜੱਗਾ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਕੀਤੀ ਗਈ। ਇਸ ਮੀਟਿੰਗ ਸੈਂਕੜੇ ਸਾਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਰੈਲੀ ਦਾ ਰੂਪ ਧਾਰਨ ਕਰ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਲ ਸਕੱਤਰ ਸ਼ਿੰਦਰ ਧੌਲਾ, ਹਰਨੇਕ ਸਿੰਘ ਸੰਘੇੜਾ, ਨਰਾਇਣ ਦੱਤ ਨੇ ਪਾਵਰਕੌਮ ਪੈਨਸ਼ਨਰਾਂ ਦੀਆਂ ਬੁਨਿਆਦੀ ਮੰਗਾਂ ਦੀ ਬਾਰੇ ਅਤੇ ਚੱਲ ਰਹੇ ਸੰਘਰਸ਼ ਬਾਰੇ ਚਰਚਾ ਕੀਤੀ। ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਚੇਅਰਮੈਨ ਅਤੇ ਪ੍ਰਬੰਧਕੀ ਮੈਂਬਰ ਨਾਲ ਜਥੇਬੰਦੀ ਦੇ ਸੰਘਰਸ਼ ਦੀ ਬਦੌਲਤ ਹੋਈਆਂ ਮੀਟਿੰਗਾਂ ਵਿੱਚ ਪਾਵਰਕੌਮ ਦੇ ਪੈਨਸ਼ਨਰਜ਼ ਦੀਆਂ ਮੰਗਾਂ ਅਤੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਦੇ ਦੋ ਆਗੂਆਂ ਦੀ ਜਬਰੀ ਟਰਮੀਨੇਟ ਕੀਤੇ ਸਾਥੀਆਂ ਨੂੰ ਬਹਾਲ ਕਰਨ ਸਬੰਧੀ ਹੋਈ ਗੱਲਬਾਤ ਸਬੰਧੀ ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਨੂੰ ਟਰਮੀਨੇਟ ਕੀਤੇ ਆਗੂਆਂ ਨੂੰ ਵਾਅਦੇ ਅਨੁਸਾਰ ਬਹਾਲ ਕਰਨ ਦੀ ਮੰਗ ਕੀਤੀ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਜਥੇਬੰਦੀ ਦੀਆਂ ਲੰਬੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਪਈਆਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੈ। 
ਇਸੇ ਕਰਕੇ ਸੰਘਰਸ਼  ਦੀ ਕੜੀ ਵਜੋਂ ਸਮੁੱਚੇ ਪੰਜਾਬ ਦੇ ਸਰਕਲ ਦਫ਼ਤਰਾਂ ਅੱਗੇ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਰੋਸ ਪ੍ਰਦਰਸ਼ਨ ਕਰਨ ਤੋਂ ਸਰਕਲ ਪੱਧਰੀ ਸਫ਼ਲ ਕਨਵੈਨਸ਼ਨ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਨੀਤੀ ਖ਼ਿਲਾਫ਼ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼ ਦੀ ਲੋੜ ਹੈ। ਸਰਕਲ ਕਮੇਟੀ ਵੱਲੋਂ  20 ਅਗਸਤ ਨੂੰ ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਪ੍ਰਤੀਨਿਧ ਕਨਵੈਨਸ਼ਨ ਵਿੱਚ ਸਮੇਂ ਸਿਰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਕਨਵੈਨਸ਼ਨ ਵਿੱਚ ਬੁਲਾਰੇ ਆਗੂਆਂ ਅਬਜਿੰਦਰ ਸਿੰਘ,ਜੋਗਿੰਦਰ ਪਾਲ, ਜਗਮੀਤ ਸਿੰਘ, ਜਗਦੀਸ਼ ਸਿੰਘ,ਗੌਰੀ ਸ਼ੰਕਰ, ਬਹਾਦਰ ਸਿੰਘ,ਜਨਕ ਸਿੰਘ, ਗੁਰਜੰਟ ਸਿੰਘ, ਜਗਰਾਜ ਸਿੰਘ, ਸ਼ਿੰਗਾਰਾ ਸਿੰਘ ਆਦਿ ਆਗੂਆਂ ਨੇ ਸਮੁੱਚੀ ਹਾਲਤ ਅਤੇ ਅਗਲੇ ਤਿੱਖੇ ਸੰਘਰਸ਼ ਬਾਰੇ ਵੀ ਵਿਚਾਰ ਚਰਚਾ ਕੀਤੀ। ਆਗੂਆਂ ਨੇ ਸਰਬਸੰਮਤੀ ਨਾਲ ਮਨੀਪੁਰ ਵਿੱਚ ਹਜ਼ੂਮੀ ਭੀੜ ਵੱਲੋਂ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣ, ਸਮੂਹਿਕ ਬਲਾਤਕਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸੇ ਹੀ ਤਰ੍ਹਾਂ ਹਰਿਆਣਾ ਦੇ ਨੂਹ ਕਸਬੇ ਵਿੱਚ ਸਾਲਾਂ ਬੱਧੀ ਸਮੇਂ ਤੋਂ ਘੱਟ ਗਿਣਤੀ ਮੁਸਲਿਮ ਭਰਾਵਾਂ ਖ਼ਿਲਾਫ਼ ਬੁਲਡੋਜ਼ਰ ਮੁਹਿੰਮ ਰਾਹੀਂ 250 ਝੁੱਗੀਆਂ ਨੂੰ ਉਜਾੜਨ ਦੀ ਮਨੋਹਰ ਲਾਲ ਖੱਟਰ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ਸਾਜ਼ਿਸ਼ੀ ਚੁੱਪ ਨੂੰ ਖ਼ਤਰਨਾਕ ਦੱਸਦਿਆਂ ਔਰਤਾਂ ਉੱਤੇ ਹੁੰਦੇ ਸੰਸਥਾਗਤ ਜਬਰ ਖਿਲਾਫ਼ ਸਾਂਝੇ ਸੰਘਰਸ਼ ਲਾਮਬੰਦ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। 12 ਅਗਸਤ ਨੂੰ ਮਹਿਲਕਲਾਂ ਦੀ ਧਰਤੀ 'ਤੇ ਔਰਤ ਮੁਕਤੀ ਦਾ ਪ੍ਰਤੀਕ ਬਣੀ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਮਨਾਏ ਜਾ ਰਹੇ ਯਾਦਗਾਰ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ। ਪਾਵਰਕੌਮ ਦੇ ਪੈਨਸ਼ਨਰਜ਼ ਵੱਲੋਂ ਮੌਕੇ ਤੇ ਹੀ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ ਨੂੰ ਯਾਦਗਾਰ ਸਮਾਗਮ ਲਈ ਦਸ ਹਜ਼ਾਰ ਤੋਂ ਵਧੇਰੇ ਮਾਇਕ ਸਹਾਇਤਾ ਇਕੱਠੀ ਕਰਕੇ ਝੋਲੀ ਪਾਈ ਅਤੇ  ਵੱਡੀ ਗਿਣਤੀ ਵਿੱਚ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪਹੁੰਚਣ ਦਾ ਵਿਸ਼ਵਾਸ ਦਿਵਾਇਆ।ਸਟੇਜ ਸਕੱਤਰ ਦੇ ਫਰਜ਼ ਸ਼ਹਿਰੀ ਮੰਡਲ ਬਰਨਾਲਾ ਦੇ ਸਕੱਤਰ ਗੁਰਚਰਨ ਸਿੰਘ ਨੇ ਬਾਖ਼ੂਬੀ ਨਿਭਾਏ।