:

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜਿਲ੍ਹਾ ਪੱਧਰੀ ਮੀਟਿੰਗ


ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜਿਲ੍ਹਾ ਪੱਧਰੀ ਮੀਟਿੰਗ


ਬਰਨਾਲਾ 17 ਅਗਸਤ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੀ ਜਿਲ੍ਹਾ ਪੱਧਰੀ ਮੀਟਿੰਗ ਸਥਾਨਕ ਤਰਕਸ਼ੀਲ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਹੋਈ। ਇਸ ਜਿਲ੍ਹਾ ਪੱਧਰੀ ਵਧਵੀਂ ਮੀਟਿੰਗ ਵਿੱਚ ਪੂਰੇ ਜਿਲ੍ਹੇ ਵਿੱਚੋਂ ਇਕਾਈ ਪੱਧਰ ਤੱਕ ਦੇ ਸੈਂਕੜੇ ਆਗੂ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਨੇ ਮੌਜੁਦਾ ਹਾਲਤ ਵਿੱਚ ਜਥੇਬੰਦੀ ਨੂੰ ਦਰਪੇਸ਼ ਚੁਣੌਤੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਐਸਕੇਐਮ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਕਿਸਾਨਾਂ ਦੀਆਂ ਫਸਲਾਂ ਦੀ ਹੋਈ ਬਰਬਾਦੀ ਦਾ ਮੁਆਵਜ਼ਾ ਹਾਸਲ ਕਰਨ ਲਈ 19 ਅਗਸਤ ਨੂੰ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ, ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਵੱਲ ਮਾਰਚ ਕਰਕੇ ਚਿਤਾਵਨੀ ਪੱਤਰ ਦਿੱਤੇ ਜਾਣੇ ਹਨ। ਬਰਨਾਲਾ ਜਿਲ੍ਹੇ ਦੇ ਮਹਿਲਕਲਾਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਵੱਲ 19 ਅਗਸਤ ਨੂੰ ਕੀਤਾ ਜਾਣ ਵਾਲਾ ਮਾਰਚ ਸਵੇਰੇ 10 ਵਜੇ ਦਾਣਾ ਮੰਡੀ ਮਹਿਲਕਲਾਂ ਤੋਂ ਸ਼ੁਰੂ ਹੋਵੇਗਾ। ਵਿਧਾਇਕ ਵੱਲੋਂ ਖੁਦ ਚਿਤਾਵਨੀ ਪੱਤਰ ਵਸੂਲ ਕਰਨ ਤੱਕ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਦੂਜਾ ਕੁੱਲਰੀਆਂ ਜਿਲ੍ਹਾ ਮਾਨਸਾ ਦੇ ਅਬਾਦਕਾਰ ਕਿਸਾਨਾਂ ਦਾ ਅਹਿਮ ਮਸਲਾ ਮੀਟਿੰਗ ਦੌਰਾਨ ਵਿਚਾਰਿਆ ਗਿਆ। ਸੂਬਾ ਪ੍ਰਧਾਨ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਕਿ 60-65 ਸਾਲ ਤੋਂ ਪਿੰਡ ਦੀ ਬੱਚਤ ਦੀ 70 ਏਕੜ ਜ਼ਮੀਨ ਉੱਪਰ 40 ਤੋਂ ਵਧੇਰੇ ਅਬਾਦਕਾਰ ਜ਼ਮੀਨ ਉੱਪਰ ਕਾਬਜ਼ ਚੱਲੇ ਆ ਰਹੇ ਹਨ। ਗਿਰਦਾਵਰੀਆਂ ਇਨ੍ਹਾਂ ਅਬਾਦਕਾਰਾਂ ਕਿਸਾਨਾਂ ਦੇ ਨਾਮ ਹਨ, ਇਸ ਜ਼ਮੀਨ ਵਿੱਚ ਮੋਟਰਾਂ ਦੇ ਕੁਨੈਕਸ਼ਨ ਇਨ੍ਹਾਂ ਕਿਸਾਨਾਂ ਦੇ ਨਾਮ ਚੱਲ ਰਹੇ ਹਨ। ਪਰ ਆਮ ਆਦਮੀ ਪਾਰਟੀ ਦੀ ਸ਼ਹਿ 'ਤੇ ਪਿੰਡ ਕੁੱਲਰੀਆਂ ਦਾ ਸਰਪੰਚ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਗੁੰਡਾਗਰਦੀ ਰਾਹੀਂ ਜਬਰੀ ਜ਼ਮੀਨ ਹਥਿਆਕੇ ਅਬਾਦਕਾਰਾਂ ਨੂੰ ਉਜਾੜਨਾ ਚਾਹੁੰਦਾ ਹੈ। ਜਿਲ੍ਹਾ ਪ੍ਰਸ਼ਾਸ਼ਨ ਜੱਗ ਜਾਹਰਾ ਅਬਾਦਕਾਰ ਕਿਸਾਨਾਂ ਦੇ ਤੱਥਾਂ ਦੇ ਬਾਵਜੂਦ ਉਲਟਾ ਸਬੰਧਤ ਕਿਸਾਨਾਂ ਅਤੇ ਕਿਸਾਨ ਆਗੂਆਂ ਖਿਲਾਫ ਕੇਸ ਦਰਜ ਕਰਕੇ ਡਰਾਉਣ, ਧਮਕਾਉਣ ਦੀ ਸਾਜਿਸ਼ ਰਚ ਰਿਹਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਜ਼ਮੀਨ ਅਬਾਦਕਾਰ ਕਿਸਾਨਾਂ ਦੀ ਸੀ ਤੇ ਰਹੇਗੀ। ਇਸ ਲਈ ਜਥੇਬੰਦੀ ਹਰ ਕੁਰਬਾਨੀ ਕਰਨ ਲਈ ਤਿਆਰ ਹੈ।ਇਸ ਵਧਵੀਂ ਮੀਟਿੰਗ ਵਿੱਚ ਸੂਬਾ ਖਜਾਨਚੀ ਬਲਵੰਤ ਸਿੰਘ ਉੱਪਲੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਮਾਨਸਾ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਅਜਿਹੀਆਂ ਕਿਸਾਨ ਵਿਰੋਧੀ ਕਾਰਵਾਈਆਂ ਤੋਂ ਬਾਜ਼ ਆਵੇ ਨਹੀਂ ਤਾਂ ਕੁੱਲਰੀਆਂ ਦੇ ਅਬਾਦਕਾਰਾਂ ਦਾ ਇਹ ਸੰਘਰਸ਼ ਹੋਰ ਤੇਜ ਹੋਵੇਗਾ। 28 ਅਗਸਤ ਨੂੰ ਐਸ.ਐਸ.ਪੀ ਮਾਨਸਾ ਦਫਤਰ ਅੱਗੇ ਸੂਬਾ ਪੱਧਰਾ ਵਿਸ਼ਾਲ ਧਰਨਾ ਦੇਣ ਉੱਪਰੰਤ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ, ਕੁਲਵੰਤ ਸਿੰਘ ਭਦੌੜ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਕੁੱਲਰੀਆਂ ਅਬਾਦਕਾਰ ਕਿਸਾਨਾਂ ਦੇ ਜ਼ਮੀਨ ਵਾਲੇ ਮਸਲੇ ਵਿੱਚ 21 ਅਗਸਤ ਤੋਂ 25 ਅਗਸਤ ਤੱਕ ਪਿੰਡ-ਪਿੰਡ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ। ਆਗੂਆਂ ਨੇ ਨਵੇਂ ਬਣ ਰਹੇ ਸਰਕਾਰੀ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਦੀ ਉਸਾਰੀ ਵਿੱਚ ਸ਼੍ਰੋਮਣੀ ਗੁਰਦਾਵਰਾ ਪ੍ਰਬੰਧਕ ਕਮੇਟੀ ਵੱਲੋਂ ਅਡਿੱਕੇ ਡਾਹੁਣ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਲੀ ਕੜੀ ਵਜੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਵਾਲੇ ਦਿਨ 20 ਅਗਸਤ ਨੂੰ ਲੋਂਗੋਵਾਲ ਵਿਖੇ ਕੀਤੇ ਜਾਣ ਵਾਲੇ ਵਿਸ਼ਾਲ ਧਰਨੇ/ਮੁਜ਼ਾਹਰੇ ਵਿੱਚ ਵੀ ਬਰਨਾਲਾ ਜਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਬਾਬੂ ਸਿੰਘ ਖੁੱਡੀਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਕਾਲਾ ਜੈਦ, ਅਮਨਦੀਪ ਸਿੰਘ ਰਾਏਸਰ, ਕੁਲਵਿੰਦਰ ਸਿੰਘ ਉੱਪਲੀ, ਰਾਮ ਸਿੰਘ ਸ਼ਹਿਣਾ, ਅਮਰਜੀਤ ਸਿੰਘ ਠੁੱਲੀਵਾਲ ਅਤੇ ਸੁਖਵਿੰਦਰ ਸਿੰਘ ਉੱਪਲੀ ਨੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਸਮਾਗਮ ਵਿੱਚ ਪੂਰੇ ਜਿਲ੍ਹੇ ਵਿੱਚੋਂ ਕਿਸਾਨ ਮਰਦ-ਔਰਤਾਂ ਦੇ ਜੁਝਾਰੂ ਕਾਫਲਿਆਂ ਵੱਲੋਂ ਪੂਰੇ ਇਨਕਲਾਬੀ ਜੋਸ਼ ਨਾਲ ਕੀਤੀ ਸ਼ਮੂਲੀਅਤ ਲਈ ਆਗੂ ਟੀਮਾਂ ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ। ਇਸ ਸਮੇਂ ਅਮਨਦੀਪ ਸਿੰਘ ਟਿੰਕੂ, ਗੋਪਾਲ ਕ੍ਰਿਸ਼ਨ ਹਮੀਦੀ, ਸੁਖਦੇਵ ਸਿੰਘ ਕੁਰੜ, ਭਾਗ ਸਿੰਘ ਕੁਰੜ, ਜਗਰੂਪ ਸਿੰਘ ਗਹਿਲ, ਰਾਣਾ ਸਿੰਘ ਉੱਪਲੀ, ਰਾਜ ਸਿੰਘ ਹਮੀਦੀ, ਸਤਨਾਮ ਸਿੰਘ ਮੂੰਮ, ਗੋਰਾ, ਜੱਗੀ, ਕਾਲਾ ਰਾਏਸਰ ਤੋਂ ਇਲਾਵਾ 40 ਇਕਾਈਆਂ ਦੇ ਪ੍ਰਧਾਨ/ਸਕੱਤਰ ਸ਼ਾਮਿਲ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ।