ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਖੇਤੀ ਸੰਦਾਂ ਦੀ ਮਦਦ ਨਾਲ ਪਰਾਲੀ ਖੇਤਾਂ ਵਿਚ ਹੀ ਵਾਹੁਣ
- Reporter 21
- 24 Aug, 2023 05:28
ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਖੇਤੀ ਸੰਦਾਂ ਦੀ ਮਦਦ ਨਾਲ ਪਰਾਲੀ ਖੇਤਾਂ ਵਿਚ ਹੀ ਵਾਹੁਣ: ਡਿਪਟੀ ਕਮਿਸ਼ਨਰ
* ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਵਿਓਂਤਬੰਦੀ
*ਖੇਤੀਬਾੜੀ, ਸਹਿਕਾਰਤਾ ਤੇ ਮਾਲ ਵਿਭਾਗ ਦੇ ਅਫਸਰਾਂ, ਕਰਮਚਾਰੀਆਂ ਨਾਲ ਕੀਤੀ ਬੈਠਕ
*ਪਰਾਲੀ ਇਸਤੇਮਾਲ ਕਰਨ ਵਾਲੀਆਂ ਸਨਅਤਾਂ ਨਾਲ ਕਿਸਾਨਾਂ ਦਾ ਕਰਵਾਇਆ ਜਾ ਰਿਹਾ ਤਾਲਮੇਲ
ਬਰਨਾਲਾ, 24 ਅਗਸਤ
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਲਕਿ ਸਰਕਾਰ ਵਲੋਂ ਸਬਸਿਡੀ ਉੱਤੇ ਦਿੱਤੇ ਜਾਣ ਵਾਲੇ ਖੇਤੀ ਸੰਦਾਂ ਦੀ ਮਦਦ ਨਾਲ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ।
ਇਸ ਗੱਲ ਦਾ ਪ੍ਰਗਟਾਵਾ ਉਹਨਾਂ ਪਰਾਲੀ ਪ੍ਰਬੰਧਾਂ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਬੈਠਕ 'ਚ ਖੇਤੀਬਾੜੀ, ਸਹਿਕਾਰਤਾ ਤੇ ਮਾਲ ਵਿਭਾਗ ਦੇ ਅਫਸਰਾਂ ਅਤੇ ਕਰਮਚਾਰੀਆਂ ਨਾਲ ਵਿਓਂਤਬੰਦੀ ਕੀਤੀ ਗਈ ਤਾਂ ਜੋ ਪਿੰਡ ਪੱਧਰ ਉੱਤੇ ਕੈਂਪ ਲਗਾ ਕੇ ਹਰ ਇੱਕ ਕਿਸਾਨ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਆ ਜਾ ਸਕੇ।
ਉਹਨਾਂ ਦੱਸਿਆ ਕਿ ਪਿੰਡ ਪੱਧਰ ਤੱਕ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਜਿਸ ਵਿੱਚ ਹਰ ਇੱਕ ਕਿਸਾਨ, ਸਬੰਧਿਤ ਖੇਤੀਬਾੜੀ, ਸਹਿਕਾਰਤਾ ਅਤੇ ਮਾਲ ਵਿਭਾਗ ਦੇ ਕਰਮਚਾਰੀਆਂ ਦੇ ਨੰਬਰ ਦਰਜ ਕੀਤੇ ਗਏ ਹਨ। ਇੰਜ ਸਾਰੇ ਸਬੰਧਿਤ ਅਫਸਰਾਂ / ਕਰਮਚਾਰੀਆਂ ਨੂੰ ਪਾਬੰਦ ਕੀਤਾ ਜਾਵੇਗਾ ਕਿ ਉਹ ਆਪਣੇ - ਆਪਣੇ ਖੇਤਰ ਵਿਚ ਅੱਗ ਲੱਗਣ ਤੋਂ ਰੋਕਣ। ਇਸ ਤੋਂ ਇਲਾਵਾ ਕਿਸਾਨਾਂ ਤੋਂ ਵੀ ਸੁਝਾਅ ਮੰਗੇ ਜਾ ਰਹੇ ਹਨ ਕਿ ਉਹ ਪ੍ਰਸ਼ਾਸਨ ਵੱਲੋਂ ਕਿਸ ਪ੍ਰਕਾਰ ਦੀ ਮਦਦ ਲੈ ਸਕਦੇ ਹਨ ਤਾਂ ਜੋ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਵਰਗੀਆਂ ਜਿਹੜੀਆਂ ਸਨਅਤਾਂ ਵਿੱਚ ਪਰਾਲੀ ਦਾ ਇਸਤੇਮਾਲ ਬਾਲਣ ਜਾਂ ਕਿਸੇ ਹੋਰ ਰੂਪ ਵਿਚ ਕੀਤਾ ਜਾਂਦਾ ਹੈ, ਉਹਨਾਂ ਸਨਅਤਾਂ ਦਾ ਕਿਸਾਨਾਂ ਨਾਲ ਤਾਲਮੇਲ ਕਰਵਾਇਆ ਜਾ ਰਿਹਾ ਹੈ । ਇਸ ਤਰ੍ਹਾਂ ਕਿਸਾਨਾਂ ਨੂੰ ਉਹਨਾਂ ਦੀ ਪਰਾਲੀ ਦਾ ਮੁੱਲ ਮਿਲ ਜਾਵੇਗਾ ਤੇ ਉਹਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਪਵੇਗੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਬੇਲਰ ਮਸ਼ੀਨ ਦੇ ਮਾਲਕਾਂ ਅਤੇ ਸਨਅਤਾਂ ਨਾਲ ਵੀ ਬੈਠਕ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਦੇ ਨਾਲ-ਨਾਲ ਬੇਲਰ ਮਾਲਕਾਂ ਦਾ ਵੀ ਤਾਲਮੇਲ ਕਰਵਾ ਦਿੱਤਾ ਜਾਵੇ ਜਿਸ ਨਾਲ ਖੇਤਾਂ 'ਚੋਂ ਪਰਾਲੀ ਦੀਆਂ ਗੱਠਾਂ ਸਮਾਂਬੱਧ ਤਰੀਕੇ ਨਾਲ ਚੁੱਕੀਆਂ ਜਾ ਸਕਣ।
ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਬਰਨਾਲਾ 'ਚ ਕੁੱਲ 2300 ਦੇ ਕਰੀਬ ਸੁਪਰ ਸੀਡਰ ਹਨ ਜਦਕਿ 15 ਅਗਸਤ ਤੱਕ ਸਰਕਾਰ ਵਲੋਂ ਸਬਸਿਡੀ ਉੱਤੇ ਸੁਪਰ ਸੀਡਰ ਦੇਣ ਲਈ ਮੰਗੀ ਗਈਆਂ ਦਰਖਾਸਤਾਂ ਵਿਚੋਂ ਕਰੀਬ 700 ਅਰਜ਼ੀਆਂ ਸੁਪਰ ਸੀਡਰ ਲਈ ਪ੍ਰਾਪਤ ਹੋਈਆਂ ਹਨ। ਉਹਨਾਂ ਕਿਹਾ ਕਿ ਇਨ੍ਹਾਂ ਸੁਪਰ ਸੀਡਰਾਂ ਦੀ ਮਦਦ ਨਾਲ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਕਿਸਾਨ ਵੀਰ ਸਿਧੇ ਤੌਰ ਉੱਤੇ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਵੱਖ ਵੱਖ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਖਰੀਦ ਏਜੰਸੀਆਂ ਦੇ ਨੁਮਾਇੰਦੇ, ਕਾਨੂੰਗੋ, ਪਟਵਾਰੀ, ਵੱਖ ਵੱਖ ਸਨਅਤਾਂ ਤੋਂ ਆਏ ਨੁਮਾਇੰਦੇ ਆਦਿ ਹਾਜ਼ਰ ਸਨ।







