:

ਕੁੱਲਰੀਆਂ ਅਬਾਦਕਾਰ ਕਿਸਾਨਾਂ ਨੂੰ ਉਜਾੜਨ ਦਾ ਮਸਲਾ ਖੁੱਡੀਕਲਾਂ ਵਿਖੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜ੍ਹੀ


ਕੁੱਲਰੀਆਂ ਅਬਾਦਕਾਰ ਕਿਸਾਨਾਂ ਨੂੰ ਉਜਾੜਨ ਦਾ ਮਸਲਾ ਖੁੱਡੀਕਲਾਂ ਵਿਖੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜ੍ਹੀ

ਬਰਨਾਲਾ 23 ਅਗਸਤ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੂਬਾ ਕਮੇਟੀ ਵੱਲੋਂ ਕੁੱਲਰੀਆਂ ਅਬਾਦਕਾਰ ਕਿਸਾਨਾਂ ਨੂੰ ਉਜਾੜਨ ਦਾ ਮਸਲਾ ਤੇ ਭਗਵੰਤ ਮਾਨ ਸਰਕਾਰ ਦੀਆਂ ਪਿੰਡ-ਪਿੰਡ ਅਰਥੀਆਂ ਸਾੜ੍ਹਨ ਦਾ ਸੱਦਾ ਦਿੱਤਾ ਗਿਆ ਹੈ। ਬਰਨਾਲਾ ਬਲਾਕ ਦੇ ਪਿੰਡ ਖੁੱਡੀਕਲਾਂ ਵਿੱਖੇ ਇਕਾਈ ਪ੍ਰਧਾਨ ਜਰਨੈਲ ਸਿੰਘ ਅਤੇ ਮਨਜੀਤ ਕੌਰ ਦੀ ਅਗਵਾਈ ਹੇਠ ਪਿੰਡ ਦੀ ਸੱਥ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਰਦ-ਔਰਤ ਕਾਰਕੁਨਾਂ ਨੇ ਇਕੱਠੇ ਹੋਕੇ ਅਰਥੀ ਸਾੜ੍ਹੀ। ਇਸ ਸਮੇਂ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ, ਜਗਦੇਵ ਸਿੰਘ ਅਤੇ ਜਸਬੀਰ ਕੌਰ ਨੇ ਕਿਹਾ ਕਿ ਪਿੰਡ ਕੁੱਲਰੀਆਂ ਵਿਖੇ ਪਿੰਡ ਦੀ ਬੱਚਤ ਜਮੀਨ ਉੱਪਰ 60-65 ਤੋਂ 70 ਏਕੜ ਜਮੀਨ ਉੱਪਰ ਪਿੰਡ ਕੁਲੱਰੀਆਂ ਦੇ 40 ਦੇ ਕਰੀਬ ਪ੍ਰੀਵਾਰ ਖੇਤੀ ਕਰਦੇ ਆ ਰਹੇ ਹਨ। ਇਸੇ ਬੱਚਤ ਜ਼ਮੀਨ ਉੱਪਰ ਬਹੁਤ ਸਾਰੇ ਲੋੜਬੰਡ ਮਜ਼ਦੂਰਾਂ ਨੇ ਮਕਾਨ ਵੀ ਬਣਾਏ ਹੋਏ ਹਨ। ਹੁਣ ਭਗਵੰਤ ਮਾਨ ਸਰਕਾਰ ਜਮੀਨਾਂ ਤੋਂ ਕਬਜਾ ਛੁਡਾਉਣ ਦੀ ਮੁਹਿੰਮ ਦੇ ਨਾਂ ਹੇਠ ਇਨ੍ਹਾਂ ਗਰੀਬ ਕਿਸਾਨਾਂ ਨੂੰ ਜਬਰੀ ਉਜਾੜ ਰਹੀ ਹੈ। ਜਦਕਿ ਦਹਾਕਿਆਂ ਬੱਧੀ ਸਮੇਂ ਤੋਂ ਇਹ ਜਮੀਨ ਸਰਕਾਰੀ ਰਿਕਾਰਡ ਵਿੱਚ ਇਨ੍ਹਾਂ ਕਿਸਾਨਾਂ ਦੇ ਨਾਂ ਬੋਲ ਰਹੀ ਹੈ। ਖੇਤੀਬਾੜੀ ਮੋਟਰ ਕੁਨੈਕਸ਼ਨ ਚੱਲ ਰਹੇ ਹਨ। ਹੁਣ ਪਿੰਡ ਦਾ ਹੈਂਕੜਬਾਜ ਸਰਪੰਚ ਹਕੂਮਤੀ ਅਤੇ ਪ੍ਰਸ਼ਾਸ਼ਨਿਕ ਸ਼ਹਿ ਤੇ ਸ਼ਰੇਆਮ ਕਿਸਾਨਾਂ ਦਾ ਉਜਾੜਾ ਕਰਨ ਉੱਪਰ ਤੁਲਿਆ ਹੋਇਆ ਹੈ। ਭਾਕਿਯੂ ਏਕਤਾ ਡਕੌਂਦਾ ਕੁੱਲਰੀਆਂ ਪਿੰਡ ਦੇ ਕਿਸਾਨਾਂ ਉ ਉਜਾੜੇ ਖਿਲਾਫ ਦੋ ਮਹੀਨੇ ਤੋਂ ਸੰਘਰਸ਼ ਕਰ ਰਹ‌ੀ ਹੈ। ਅਬਾਦਕਾਰ ਕਿਸਾਨਾਂ ਅਤੇ ਭਾਕਿਯੂ ਏਕਤਾ ਡਕੌਂਦਾ ਦੇ ਸੈਂਕੜੇ ਕਿਸਾਨਾਂ ਉੱਪਰ ਪੁਲਿਸ ਨੇ ਕੇਸ ਦਰਜ ਕਰ ਲਏ ਹਨ। ਆਗੂਆਂ ਕਿਹਾ ਕਿ ਪੁਲਿਸ ਵੱਲੋਂ ਦਰਜ ਕੀਤੇ ਕੇਸ ਉਨ੍ਹਾਂ ਨੂੰ ਡਰਾ ਧਮਕਾ ਨਹੀਂ ਸਕਦੇ । ਅਜਿਹਾ ਕਰਨ ਨਾਲ ਪੁਲਿਸ ਪ੍ਰਸ਼ਾਸ਼ਨ ਅਤੇ ਭਗਵੰਤ ਮਾਨ ਸਰਕਾਰ ਪ੍ਰਤੀ ਲੋਕਾਂ ਅੰਦਰ ਗੁੱਸਾ ਹੋਰ ਵਧੇਰੇ ਫੈਲ ਰਿਹਾ ਹੈ। ਪੁਲਿਸ ਦੀ ਇਸ ਧੱਕੇਸ਼ਾਹੀ ਖਿਲ਼ਾਫ 28 ਅਗਸਤ ਨੂੰ ਐਸਐਸਪੀ ਦਫਤਰ ਮਾਨਸਾ ਅੱਗੇ ਸੂਬਾਈ ਧਰਨਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਵੱਡੀ ਗਿਣਤੀ ਵਿੱਚ 28 ਅਗਸਤ ਮਾਨਸਾ ਪੁੱਜਣ ਦੀ ਅਪੀਲ ਕੀਤੀ। ਆਗੂਆਂ ਨੇ ਲੌਂਗੋਵਾਲ ਵਿਖੇ ਪੁਲਿਸ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਉੱਪਰ ਤਸ਼ੱਦਦ ਕਰਨ ਨਾਲ ਇੱਕ ਕਿਸਾਨ ਪ੍ਰੀਤਮ ਸਿੰਘ ਦੇ ਸ਼ਹੀਦ ਹੋਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸੰਘਰਸ਼ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਐਲਾਨ ਕੀਤਾ ਕਿ ਹਰ ਕੁਰਬਾਨੀ ਦੇਕੇ ਕੁੱਲਰੀਆਂ ਪਿੰਡ ਦੇ ਅਬਾਦਕਾਰ ਕਿਸਾਨਾਂ ਦੇ ਜਮੀਨ ਦੀ ਰਾਖੀ  ਕੀਤੀ ਜਾਵੇਗੀ। ਇਸ ਸਮੇਂ ਕੁਲਦੀਪ ਕੌਰ,ਪ੍ਰੀਤਮ ਕੌਰ, ਬਲਜੀਤ ਕੌਰ, ਗੁਰਜੰਟ ਸਿੰਘ, ਜੀਤ ਸਿੰਘ, ਗੁਲਾਬ ਸਿੰਘ, ਮੱਘਰ ਸਿੰਘ ਆਦਿ ਕਿਸਾਨ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ