ਮੌਸਮ ਨੇ ਲਈ ਕਰਵਟ! ਪੰਜਾਬ 'ਚ ਅੱਜ ਔਰੇਂਜ ਅਲਰਟ ਤੇ ਕੱਲ੍ਹ ਲਈ ਯੈਲੋ ਅਲਰਟ ਜਾਰੀwww.samacharpunjab.com
- Repoter 11
- 20 Feb, 2024
ਮੌਸਮ ਨੇ ਲਈ ਕਰਵਟ! ਪੰਜਾਬ 'ਚ ਅੱਜ ਔਰੇਂਜ ਅਲਰਟ ਤੇ ਕੱਲ੍ਹ ਲਈ ਯੈਲੋ ਅਲਰਟ ਜਾਰੀ
20 ਫਰਵਰੀ 2024
ਪੰਜਾਬ ਵਿੱਚ ਬਾਰਸ਼ ਤੇ ਗੜ੍ਹੇਮਾਰੀ ਨੇ ਠੰਢ ਵਧਾ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 20 ਤੇ 21 ਫਰਵਰੀ ਨੂੰ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੀਂਹ ਪੈਣ ਸਬੰਧੀ 20 ਫਰਵਰੀ ਨੂੰ ‘ਔਰੇਂਜ’ ਤੇ 21 ਫਰਵਰੀ ਲਈ ‘ਯੈਲੋ’ ਅਲਰਟ ਜਾਰੀ ਕੀਤਾ ਹੈ। 19 ਫਰਵਰੀ ਤੋਂ ਹੀ ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਮੌਸਮ ਦੇ ਬਦਲੇ ਮਿਜ਼ਾਜ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਪੰਜਾਬ ਦਾ ਲੁਧਿਆਣਾ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ ਜਿੱਥੇ ਘੱਟ ਤੋਂ ਘੱਟ ਤਾਪਮਾਨ 12.4 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਸੋਮਵਾਰ ਤੋਂ ਹੀ ਹਲਕੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ। ਕਈ ਇਲਾਕਿਆਂ ਵਿੱਚ ਲੰਘੀ ਰਾਤ ਵੀ ਬਾਰਸ਼ ਤੇ ਗੜ੍ਹੇਮਾਰੀ ਹੋਈ। ਅੱਜ ਵੀ ਬੱਦਲਵਾਈ ਬਣੀ ਹੋਈ ਹੈ। ਉਧਰ, ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ, ਕਿੰਨੌਰ ਤੇ ਕੁੱਲੂ ਦੇ ਉੱਚ ਪਹਾੜੀ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਨੇ ਬਹੁਤ ਜ਼ਿਆਦਾ ਮੀਂਹ/ਬਰਫ਼ਬਾਰੀ ਹੋਣ, ਬਿਜਲੀ ਡਿੱਗਣ, ਗੜੇ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕਰਦਿਆਂ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੁਸੁਮਸੇਰੀ, ਕਿਲੌਂਗ ਤੇ ਹੰਸਾ ਵਿੱਚ ਕ੍ਰਮਵਾਰ 50.6 ਸੈਂਟੀਮੀਟਰ, 21 ਸੈਂਟੀਮੀਟਰ ਤੇ 10 ਸੈਂਟੀਮੀਟਰ ਬਰਫ਼ਬਾਰੀ ਹੋਈ ਜਦਕਿ ਕਿੰਨੌਰ ਜ਼ਿਲ੍ਹੇ ਦੇ ਕਾਲਪਾ ਵਿੱਚ 2 ਸੈਂਟੀਮੀਟਰ ਬਰਫ਼ਬਾਰੀ ਹੋਈ। ਰਿਪੋਰਟਾਂ ਮੁਤਾਬਕ ਅਟੱਲ ਸੁਰੰਗ ਦੇ ਦੱਖਣੀ ਹਿੱਸੇ ਸਮੇਤ ਕੁੱਲੂ ਦੇ ਪਹਾੜੀ ਇਲਾਕਿਆਂ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ ਤੇ ਮਨਾਲੀ ਤੋਂ ਅੱਗੇ ਆਵਾਜਾਈ ਰੋਕ ਦਿੱਤੀ ਗਈ ਹੈ। ਡਲਹੌਜੀ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋਈ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਉਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ। ਰਾਮਬਨ ਜ਼ਿਲ੍ਹੇ ਵਿੱਚ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਜ਼ਮੀਨ ਖਿਸਕਣ ਤੇ ਪਹਾੜਾਂ ਤੋਂ ਪੱਥਰ ਡਿੱਗਣ ਕਾਰਨ 270 ਕਿਲੋਮੀਟਰ ਲੰਮੇ ਸ੍ਰੀਨਗਰ-ਜੰਮੂ ਕੌਮੀ ਮਾਰਗ ਨੂੰ ਆਵਾਜਾਈ ਲਈ ਮੁੜ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੋਡਾ ਜ਼ਿਲ੍ਹੇ ਦੇ ਭਦਰਵਾਹ ਦੇ ਉੱਚ ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫਬਾਰੀ ਕਾਰਨ ਇਹਤਿਆਤ ਵਜੋਂ ਦੋ ਅੰਤਰ-ਰਾਜੀ ਮਾਰਗ ਵੀ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਮੌਸਮ ਵਿੱਚ ਸੁਧਾਰ ਹੋਣ ਤੱਕ ਹਾਈਵੇਅ ’ਤੇ ਸਫ਼ਰ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਘਾਟੀ ਵਿੱਚ ਅਗਲੇ 48 ਘੰਟਿਆਂ ਵਿੱਚ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਸਕੀਇੰਗ ਰਿਜ਼ੋਰਟ ਵਿੱਚ 24 ਘੰਟਿਆਂ ਵਿੱਚ ਕਰੀਬ 1.5 ਫੁੱਟ ਬਰਫ਼ਬਾਰੀ ਹੋਈ। ਘਾਟੀ ਦੇ ਕੁਪਵਾੜਾ, ਹੰਦਵਾੜਾ ਤੇ ਸੋਨਮਰਗ ਖੇਤਰਾਂ ਵਿੱਚ ਵੀ ਬਰਫ਼ਬਾਰੀ ਹੋਈ।
#weather
#punjab
sourceABPnews