:

ਮਜ਼ਦੂਰ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਮੋਦੀ ਦਾ ਪੁਤਲਾ ਫੂਕਿਆ


ਮਜ਼ਦੂਰ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਮੋਦੀ ਦਾ ਪੁਤਲਾ ਫੂਕਿਆ 


ਬਰਨਾਲਾ/28 ਜੁਲਾਈ/ ਅੱਜ ਇੱਥੇ  ਵੱਖ ਵੱਖ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਮਨੀਪੁਰ ਦੀਆਂ ਅਣਮਨੁੱਖੀ ਘਟਨਾਵਾਂ ਨੂੰ ਲੈਕੇ ਕਚਾਹਿਰੀ ਚੌਕ  ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨ ਕਾਰੀਆਂ ਨੇ ਮੋਦੀ ਸਰਕਾਰ ਅਤੇ ਮਨੀਪੁਰ ਦੀ ਬੀਰੇਨ ਸਰਕਾਰ ਦੇ ਖ਼ਿਲਾਫ਼ ਜੰਮ੍ਹਕੇ ਨਾਹਰੇਬਾਜੀ ਕੀਤੀ।ਧਰਨੇ ਨੂੰ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ,  ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ  ਦੇ ਸੂਬਾਈ ਆਗੂ ਕਾਮਰੇਡ ਖ਼ੁਸ਼ੀਆਂ ਸਿੰਘ , ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਮੱਖਣ ਸਿੰਘ ਰਾਮਗੜ੍ਹ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੀਪੁਰ ਵਿੱਚ ਤਿੰਨ ਮਈ ਤੋਂ ਲੈਕੇ ਹੁਣ ਤੱਕ ਭਾਜਪਾ - ਆਰ ਐਸ ਐਸ ਦੀਆਂ ਪਾੜੋ ਤੇ ਰਾਜ ਕਰੋ ਦੀਆਂ ਫੁੱਟ ਪਾਓ ਨੀਤੀਆਂ ਤਹਿਤ ਬਹੁਗਿਣਤੀ ਵਰਗ ਵੱਲੋਂ  ਕੁੱਕੀ ਅਤੇ ਮੈਤੇਈ ਭਾਈਚਾਰੇ  ਉੱਪਰ ਅਣਮਨੁੱਖੀ ਹਮਲੇ ਕੀਤੇ ਜਾ ਰਹੇ ਹਨ। ਪਿਛਲੇ ਮਈ ਮਹੀਨੇ ਵਿੱਚ ਭਾਜਪਾ ਪੱਖੀ ਗੁੰਡਾ ਗਰੋਹ ਵੱਲੋਂ ਮੈਤੇਈ ਵਰਗ ਦੀਆਂ ਔਰਤਾਂ ਨੂੰ ਅਗਵਾਹ ਕਰਕੇ ਅਤੇ ਨਿਰਬਸਤਰ ਕਰਕੇ ਸੜਕਾਂ ਤੇ ਘੁਮਾਇਆ ਗਿਆ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਜਿਸ ਨਾਲ ਪੂਰੇ ਦੇਸ਼ ਦੀ ਜਨਤਾ ਦਾ ਸਿਰ ਸ਼ਰਮਸ਼ਾਰ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਅਜੇ ਤੱਕ ਵੀ ਫਿਰਕੂ ਹਿੰਸਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਗੁੰਡਾ ਅਨਸਰਾਂ ਵੱਲੋਂ ਹਜ਼ਾਰਾਂ ਘਰਾਂ ਨੂੰ ਅੱਗਾਂ ਲਾਈਆਂ ਜਾ ਚੁੱਕੀਆਂ ਹਨ, ਹਜ਼ਾਰਾਂ ਲੋਕ ਆਪਣੇ ਘਰ ਬਾਰ ਛੱਡ ਕੇ ਹੋਰਨਾਂ ਸੂਬਿਆਂ ਵਿੱਚ ਜਾ ਚੁੱਕੇ ਹਨ। ਕਰੋੜਾਂ ਰੁਪਏ ਦੀ ਸੰਪਤੀ ਨਸ਼ਟ ਹੋ ਗਈ ਹੈ। ਪਰ ਮੋਦੀ ਸਰਕਾਰ ਦੇ ਅਜੇ ਤੱਕ ਕੰਨਾਂ ਤੇ ਜੂੰ ਨਹੀਂ ਸਰਕੀ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਨੂੰ ਫ਼ਿਰਕੂ ਲੀਹਾਂ ਤੇ ਵੰਡਣਾ ਚਾਹੁੰਦੀ ਹੈ ਅਤੇ ਹਰ ਸੂਬੇ ਵਿੱਚ ਇੱਕ ਦੂਜੇ ਵਰਗ ਨੂੰ ਅਤੇ ਧਰਮਾ ਨੂੰ ਆਪਸ ਵਿੱਚ ਲੜਾਕੇ ਫਿਰਕੂ ਅੱਗ ਵਿੱਚ ਝੋਕਣਾ ਚਹੁੰਦੀ ਹੈ। ਤਾਂ ਕਿ ਇਸ ਅੱਗ ਉੱਤੇ ਰਾਜਨੀਤੀ ਦੀਆਂ ਰੋਟੀਆਂ ਸੇਕੀਆਂ ਜਾਣ ਅਤੇ  2024 ਦੀਆਂ ਚੋਣਾ ਵਿੱਚ ਦੇਸ਼ ਦੀ ਸੱਤਾ ਮੁੜ ਪ੍ਰਾਪਤ ਕੀਤੀ ਜਾ ਸਕੇ। ਆਗੂਆਂ ਨੇ ਇਹ ਵੀ ਕਿਹਾ ਕਿ ਭਾਜਪਾ ਚਹੁੰਦੀ ਹੈ ਕਿ ਫਿਰਕੂ ਅੱਗ ਵਿੱਚ ਲੋਕਾਂ ਦੇ ਬੁਨਿਆਦੀ ਮਸਲੇ ਰੁਲ ਜਾਣ। ਆਗੂਆਂ ਨੇ ਮੰਗ ਕੀਤੀ ਕਿ ਮਨੀਪੁਰ ਦੀ ਸਰਕਾਰ ਨੂੰ ਤੁਰੰਤ ਚਲਦਾ ਕੀਤਾ ਜਾਵੇ, ਔਰਤਾਂ ਨੂੰ ਨਿਰਵਸਤਰ ਕਰਕੇ ਘਮਾਉਣ ਵਾਲੇ ਦੰਗਾਕਾਰੀਆਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਫਾਂਸ਼ੀ ਦੀ ਸਜ਼ਾ ਦਿੱਤੀ ਜਾਵੇ, ਕਵਾਇਲੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ।ਇਕੱਠ ਨੂੰ ਹੋਰਨਾਂ ਤੋਂ ਇਲਾਵਾ ਰਣਜੀਤ ਕੌਰ ਪੰਜਾਬ ਇਸਤਰੀ ਸਭਾ, ਕਾਮਰੇਡ ਜਗਰਾਜ ਰਾਮਾ, ਨਛਿੱਤਰ ਸਿੰਘ ਰਾਮਨਗਰ, ਸ਼ਿੰਗਾਰਾ ਸਿੰਘ ਚੁਹਾਣਕੇ,ਜਗਰਾਜ ਸਿੰਘ ਤਾਜੋਕੇ,ਮਨਦੀਪ ਸਿੰਘ ਭਦੌੜ, ਬੂਟਾ ਸਿੰਘ ਤਪਾ ਪ੍ਰਮਜੀਤ ਕੌਰ ਅਤਰ ਸਿੰਘ ਵਾਲਾ, ਪਾਲ ਕੌਰ ਤਾਜੋਕੇ ਭੀਮ ਸਿੰਘ ਭੁਪਾਲ , ਹਰਪ੍ਰੀਤ ਕੌਰ ਦਾਨਗੜ੍ਹ, ਗੁਰਮੇਲ ਸਿੰਘ ਪੱਖੋਕਲਾਂ, ਪਰਮਜੀਤ
 ਕੌਰ,ਜੀਵਨ ਕੌਰ ਕੁੱਬੇ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।