ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ 26ਵਾਂ ਯਾਦਗਾਰੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾ
- Reporter 12
- 28 Jul, 2023 06:08
ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ 26ਵਾਂ ਯਾਦਗਾਰੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾ
ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ, ਵਿਗਿਆਨ, ਉੱਭਰਦੇ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ - ਨਰਾਇਣ ਦੱਤ
ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ 31 ਜੁਲਾਈ ਦੀ ਦਾਣਾ ਮੰਡੀ ਮਹਿਲਕਲਾਂ ਵਿਖੇ ਰੱਖੀ ਵਧਵੀਂ ਮੀਟਿੰਗ ਵਿੱਚ ਸ਼ਾਮਿਲ ਹੋਵੋ - ਮਨਜੀਤ ਧਨੇਰ
ਬਰਨਾਲਾ 28 ਜੁਲਾਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਬਰਨਾਲਾ ਵਿਖੇ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ ਯਾਦਗਾਰੀ ਸਮਾਗਮ ਦੀ ਇਤਿਹਾਸਕ ਮਹੱਤਤਾ, ਮੌਜੂਦਾ ਦੌਰ'ਚ ਔਰਤਾਂ ਨੂੰ ਦਰਪੇਸ਼ ਵੰਗਾਰਾਂ ਅਤੇ ਟਾਕਰੇ ਦੇ ਵਿਗਿਆਨ ਨੂੰ ਸਮਝਣ ਲਈ ਕਰਵਾਈ ਗਈ । ਮੀਟਿੰਗ ਵਿੱਚ ਵਿਚਾਰ ਰੱਖਦਿਆਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਮਹਿਲਕਲਾਂ ਲੋਕ ਘੋਲ ਦੀ ਅਗਵਾਈ ਕਰਨ ਵਾਲੀ ਟੀਮ ਇੱਕਜੁੱਟ ਹੈ ਅਤੇ 25 ਸਾਲ ਦੇ ਲੰਬੇ ਅਰਸੇ ਦੌਰਾਨ ਮਿਹਨਤਕਸ਼ ਲੋਕਾਈ ਇਸ ਲੋਕ ਘੋਲ ਦੀ ਢਾਲ ਅਤੇ ਤਲਵਾਰ ਬਣਕੇ ਚਟਾਨ ਵਾਂਗ ਖੜ੍ਹੀ ਹੈ। ਔਰਤਾਂ ਉੱਪਰ ਹਰ ਆਏ ਦਿਨ ਵਧ ਰਹੇ ਜ਼ਬਰ ਜ਼ੁਲਮ ਦੀ ਵੱਡੀ ਚੁਣੌਤੀ ਦਰਪੇਸ਼ ਹੈ। ਕੁੱਝ ਸਮਾਂ ਪਹਿਲਾਂ ਪਹਿਲਵਾਨ ਖਿਡਾਰਨਾਂ ਅਤੇ ਹੁਣ ਮਨੀਪੁਰ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮੀ ਭੀੜ ਵੱਲੋਂ ਸ਼ਰੇਆਮ ਘੁਮਾਉਣਾ ਮਨੂੰ ਸਿਮਰਤੀ ਸੋਚ ਵਿੱਚੋਂ ਪੈਦਾ ਹੋਈ ਔਰਤ ਵਿਰੋਧੀ ਮਾਨਸਿਕਤਾ ਦਾ ਇਸ ਜਾਬਰ ਪ੍ਰਬੰਧ ਦਾ ਜੱਗ ਜਾਹਰਾ ਸਬੂਤ ਹੈ। ਔਰਤਾਂ ਉੱਤੇ ਜੁਲਮਾਂ ਦੀ ਮੁਕੰਮਲ ਮੁਕਤੀ ਦਾ ਕਾਰਜ ਇਸ ਲੁਟੇਰੇ ਤੇ ਜਾਬਰ ਢਾਂਚੇ ਦੀ ਤਬਦੀਲੀ ਨਾਲ ਜੁੜਿਆ ਹੋਇਆ ਹੈ। ਮਹਿਲਕਲਾਂ ਲੋਕ ਘੋਲ ਨੂੰ ਇਸੇ ਦਿਸ਼ਾ ਵਿੱਚ ਅੱਗੇ ਵਧਾਉਣ ਦਾ ਵਿਗਿਆਨ ਕੰਮ ਕਰ ਰਿਹਾ ਹੈ। ਸ਼ਹੀਦ ਕਿਰਨਜੀਤ ਕੌਰ ਦਾ 26 ਵਾਂ ਸਮਾਗਮ ਔਰਤਾਂ ਉੱਪਰ ਹੁੰਦੇ ਜੁਲਮਾਂ ਦੀ ਅਸਲ ਜੜ੍ਹ ਇਸ ਲੁਟੇਰੇ ਜਾਬਰ ਪ੍ਰਬੰਧ ਨੂੰ ਸਮਝਦਿਆਂ " ਯਾਦਗਾਰੀ ਸਮਾਗਮ " ਔਰਤ ਮੁਕਤੀ ਦੇ ਚਿੰਨ ਦੇ ਰੂਪ 'ਚ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਇਆ ਜਾਵੇਗਾ। ਲੋਕ ਤਾਕਤ ਦਾ ਉੱਸਰਿਆ ਇਹ ਜਥੇਬੰਦਕ ਕਿਲ੍ਹਾ ਵਿਗਿਆਨਕ ਰੋਸ਼ਨੀ ਦਾ ਚਿਰਾਗ ਵੰਡਦਾ ਹੋਇਆ,ਸਾਂਝੇ ਸੰਗਰਾਮਾਂ ਲਈ ਮਾਰਗ ਦਰਸ਼ਕ ਬਣੇਗਾ। ਇਸ ਵਾਰ 12 ਅਗਸਤ ਦੇ ਯਾਦਗਾਰੀ ਸਮਾਗਮ ਦੀਆਂ ਮੁੱਖ ਵਕਤਾਵਾਂ ਜਾਣੀਆਂ ਪਛਾਣੀਆਂ ਸਖਸ਼ੀਅਤਾਂ " ਔਰਤ ਹੱਕਾਂ ਲਈ ਸੰਘਰਸ਼ਸ਼ੀਲ ਵਿਦਵਾਨ ਡਾ ਨਵਸ਼ਰਨ " ਅਤੇ " ਪਿੰਜਰਾ ਤੋੜੂ ਮੁਹਿੰਮ ਦੀ ਆਗੂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨਤਾਸ਼ਾ ਨਰਵਾਲ " ਹੋਣਗੀਆਂ। ਮੀਟਿੰਗ ਵਿੱਚ ਮਨਜੀਤ ਧਨੇਰ, ਗੁਰਮੀਤ ਸਿੰਘ ਸੁਖਪੁਰਾ, ਬੇਅੰਤ ਸਿੰਘ ਫੂਲੇਵਾਲਾ,ਕੁਲਵੰਤ ਸਿੰਘ ਭਦੌੜ, ਗੁਰਦੇਵ ਸਿੰਘ ਮਾਂਗੇਵਾਲ,ਡਾ ਰਜਿੰਦਰ ਪਾਲ, ਸੁਖਵਿੰਦਰ ਸਿੰਘ ਠੀਕਰੀਵਾਲਾ, ਯਾਦਵਿੰਦਰ ਸਿੰਘ ਠੀਕਰੀਵਾਲਾ,ਅਮਰਜੀਤ ਕੌਰ, ਪਰਮਜੀਤ ਕੌਰ,ਕੇਲਵਜੀਤ ਕੌਰ ,ਨੀਲਮ ਰਾਣੀ,ਅਮਨਦੀਪ ਸਿੰਘ ਭਦੌੜ, ਅਮਰਜੀਤ ਸਿੰਘ ਠੁੱਲੀਵਾਲ,ਗੋਰਾ ਸਿੰਘ ਰਾਏਸਰ,ਰਾਜ ਸਿੰਘ ਹਮੀਦੀ, ਗੁਰਮੇਲ ਸਿੰਘ ਠੁੱਲੀਵਾਲ ,ਹਰਚਰਨ ਸਿੰਘ ਚਹਿਲ, ਪਿਸ਼ੌਰਾ ਸਿੰਘ ਹਮੀਦੀ, ਬਿੱਕਰ ਸਿੰਘ ਔਲਖ,ਨਿਰਮਲ ਸਿੰਘ ਚੁਹਾਣਕੇ, ਸੁਖਪਾਲ ਸਿੰਘ ਢਿੱਲਵਾਂ, ਜਸਪਾਲ ਸਿੰਘ ਚੀਮਾ, ਨੌਜਵਾਨ ਆਗੂਆਂ ਹਰਪ੍ਰੀਤ ਸਿੰਘ, ਜਗਮੀਤ ਸਿੰਘ, ਸੁਸ਼ੀਲ ਕੁਮਾਰ, ਬਲਦੇਵ ਸਿੰਘ ਮੰਡੇਰ, ਮਿਲਖਾ ਸਿੰਘ, ਆਦਿ ਸ਼ਾਮਿਲ ਆਗੂਆਂ ਨੇ 25 ਸਾਲ ਦੇ ਵੱਖਰੇ ਇਤਿਹਾਸਕ ਜਿੱਤਾਂ ਵਾਲੇ ਲੋਕ ਘੋਲ ਦੇ ਅਮੀਰ ਤਜਰਬੇ ਸਾਂਝੇ ਕੀਤੇ ਅਤੇ ਬਹੁਤ ਸਾਰੇ ਸੁਝਾਅ ਵੀ ਦਿੱਤੇ। ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਕਮੇਟੀ ਵੱਲੋਂ ਜਨਤਕ ਜਥੇਬੰਦੀਆਂ ਦੀ ਵਧਵੀਂ ਮੀਟਿੰਗ 31 ਜੁਲਾਈ ਨੂੰ ਬਾਅਦ ਦੁਪਿਹਰ 2.30 ਵਜੇ ਦਾਣਾ ਮੰਡੀ ਮਹਿਲਕਲਾਂ ਵਿਖੇ ਬਲਾਈ ਗਈ ਆਗੂਆਂ ਦੀ ਵਧਵੀਂ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।ਅਤੇ ਉਸੇ ਦਿਨ ਹੀ ਯਾਦਗਾਰੀ ਸਮਾਗਮ ਦਾ ਰੰਗਦਾਰ ਪੋਸਟਰ ਜਾਰੀ ਕੀਤਾ ਜਾਵੇਗਾ। ਸਟੇਜ ਸਕੱਤਰ ਦੇ ਫਰਜ਼ ਖੁਸਮੰਦਰ ਪਾਲ ਨੇ ਬਾਖ਼ੂਬੀ ਨਿਭਾਏ। ਪੰਦਰਾ ਰੋਜ਼ਾ ਤਿਆਰੀ ਮੁਹਿੰਮ ਦੀ ਵਿਉਂਤਬੰਦੀ ਡਾ ਰਜਿੰਦਰ ਪਾਲ ਨੇ ਰੱਖੀ। ਇਸ ਵਾਰ ਹਰ ਪਿੰਡ ਵਿੱਚੋਂ ਔਰਤਾਂ ਦੀ ਲਾਮਬੰਦੀ ਵੱਲ ਵਿਸ਼ੇਸ਼ ਤਵੱਜੋ ਦੇਣ ਦਾ ਫ਼ੈਸਲਾ ਕੀਤਾ ਗਿਆ।