8736 ਕੱਚੇ ਅਧਿਆਪਕਾਂ ਨੇ ਸਾੜੇ ਤਨਖਾਹ ਵਾਧੇ ਦੇ ਪੱਤਰ
- Reporter 21
- 29 Jul, 2023 05:09
8736 ਕੱਚੇ ਅਧਿਆਪਕਾਂ ਨੇ ਸਾੜੇ ਤਨਖਾਹ ਵਾਧੇ ਦੇ ਪੱਤਰ
ਬਰਨਾਲਾ 8736 ਕੱਚਾ ਮੁਲਾਜ਼ਮ ਯੂਨੀਅਨ ਜਿਲ੍ਹਾ ਬਰਨਾਲਾ ਇਕਾਈ ਵੱਲੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਕੱਚੇ ਅਧਿਆਪਕਾਂ ਲਈ ਤਨਖਾਹ ਵਾਧੇ ਦੇ ਪੱਤਰ ਦੀਆਂ ਕਾਪੀਆਂ ਨੂੰ ਰੋਸ ਜ਼ਾਹਿਰ ਕਰਦੇ ਹੋਏ ਸਾੜਿਆ ਗਿਆ।
ਇਸ ਮੌਕੇ ਜਥੇਬੰਦਕ ਆਗੂਆਂ ਸੋਨਦੀਪ ਸਿੰਘ ਟੱਲੇਵਾਲ, ਰਾਜਨ ਗੁਪਤਾ, ਜਰਨੈਲ ਕੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਜੋ ਡਰਾਮਾ ਰਚਿਆ ਹੈ ਉਹ ਨਿਰਾ ਝੂਠ ਦਾ ਪੁਲੰਦਾ ਹੈ। ਉਹਨਾਂ ਕਿਹਾ ਕਿ ਪੱਕੇ ਕਰਨ ਲਈ ਥਾਂ ਥਾਂ ਵੱਡੇ ਵੱਡੇ ਹੋਰਡਿੰਗ ਲਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ ਜਦ ਕਿ ਅਸਲੀਅਤ ਵਿੱਚ ਇਸ ਬੇਈਮਾਨ ਸਰਕਾਰ ਨੇ ਪੂਰੇ ਪੰਜਾਬ ਵਿੱਚ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ। ਆਗੂਆਂ ਸਿਕੰਦਰ ਅਲੀ, ਬੂਟਾ ਰਾਮ, ਕਿਰਨਜੀਤ ਕੌਰ, ਗੁਰਵਿੰਦਰ ਕੌਰ ਨੇ ਕਿਹਾ ਕਿ ਇਹਨਾਂ ਹੁਕਮਾਂ ਨਾਲ ਕਿਸੇ ਵੀ ਮੁਲਾਜ਼ਮ ਤੇ ਰੈਗੂਲਰ ਵਾਲੇ ਸੇਵਾ ਨਿਯਮ ਲਾਗੂ ਨਹੀਂ ਹੁੰਦੇ, ਇਹਨਾਂ ਮੁਲਜ਼ਮਾਂ ਨੂੰ ਨਿਰੋਲ ਕੱਚੇ ਮੁਲਾਜ਼ਮਾਂ ਵਾਲੀ ਕੈਟੇਗਰੀ ਵਿੱਚ ਹੀ ਰੱਖਿਆ ਗਿਆ ਹੈ ਜਿਸ ਵਿਚ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਨਿਰੋਲ ਗ੍ਰਾਂਟ ਤੇ ਨਿਰਭਰ ਹੈ,ਕੋਈ ਡੀ ਏ, ਕੋਈ ਤਨਖਾਹ ਕਮਿਸ਼ਨ ਨਹੀਂ, ਕੋਈ ਪੈਨਸ਼ਨ ਨਹੀਂ ਮੈਡੀਕਲ ਸੇਵਾਵਾਂ ਤੇ ਹੋਰ ਪੱਕੇ ਸੇਵਾ ਨਿਯਮ ਵੀ ਇਹਨਾਂ ਤੇ ਲਾਗੂ ਨਹੀਂ ਹੁੰਦੇ ਤੇ ਫਿਰ ਇਹ ਮੁਲਾਜ਼ਮ ਪੱਕੇ ਕਿਸ ਤਰਾਂ ਹੋ ਗਏ।
ਆਗੂਆਂ ਨੇ ਕਿਹਾ ਕਿ ਜਿਹਨਾਂ ਚਿਰ ਮੁਲਾਜ਼ਮਾਂ ਨੂੰ ਸੇਵਾ ਨਿਯਮਾਂ ਤਹਿਤ ਪੱਕਿਆਂ ਨਹੀਂ ਕੀਤਾ ਜਾਂਦਾ ਉਨਾਂ ਚਿਰ ਸੰਗਰੂਰ ਟੈਂਕੀ ਤੇ ਚੱਲ ਰਿਹਾ ਸੰਘਰਸ਼ ਜਾਰੀ ਰਹੇਗਾ ਤੇ ਇਸ ਨੂੰ ਹੋਰ ਵੀ ਤਿੱਖਾ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਸਾਮਿਲ ਡੀ ਟੀ ਐਫ ਵੱਲੋਂ ਰਾਜੀਵ ਕੁਮਾਰ,ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ , ਸੁਰਿੰਦਰ ਕੁਮਾਰ, ਮਾਲਵਿੰਦਰ ਸਿੰਘ, ਅੰਮ੍ਰਿਤ ਪਾਲ ਕੋਟਦੁੱਨਾ, ਪਲਵਿੰਦਰ ਸਿੰਘ, ਅਕਵਿੰਦਰ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।