ਸਿਹਤ ਵਿਭਾਗ ਵਲੋਂ ਮਨਾਇਆ ਗਿਆ ਜਾਗਰੂਕਤਾ ਹਫਤਾ
- Reporter 21
- 07 Aug, 2023 08:17
"ਮਾਂ ਦਾ ਦੁੱਧ” ਕੁਦਰਤ ਦੀ ਅਨਮੋਲ ਦਾਤ: ਡਾ. ਜੋਤੀ ਕੌਸ਼ਲ
*ਸਿਹਤ ਵਿਭਾਗ ਵਲੋਂ ਮਨਾਇਆ ਗਿਆ ਜਾਗਰੂਕਤਾ ਹਫਤਾ
ਬਰਨਾਲਾ, 7 ਅਗਸਤ
ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ-ਨਿਰਦੇਸ਼ ਅਧੀਨ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵਿਸ਼ੇਸ਼ ਜਾਗਰੂਕਤਾ ਹਫਤਾ ਮਨਾਇਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਤਪਿੰਦਰਜੋਤ ਕੌਸ਼ਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਮਿਤੀ 1 ਤੋਂ 7 ਅਗਸਤ ਤੱਕ ਪੂਰੀ ਕੌਮਾਂਤਰੀ ਪੱਧਰ 'ਤੇ "ਬ੍ਰੈਸਟ ਫੀਡਿੰਗ ਵੀਕ" ਮਨਾਇਆ ਗਿਆ ਹੈ। ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਇਸੇ ਵਿਸ਼ੇਸ਼ ਹਫਤੇ ਤਹਿਤ ਸਿਵਲ ਹਸਪਤਾਲ ਬਰਨਾਲਾ ਦੇ ਜੱਚਾ- ਬੱਚਾ ਵਿੰਗ ਦੇ ਪੋਸਟ ਨੇਟਲ ਵਾਰਡ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਨਵ ਜਨਮੇ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੂਕ ਕੀਤਾ ਗਿਆ।
ੳਨ੍ਹਾਂ ਕਿਹਾ ਕਿ ਕੁਦਰਤ ਵੱਲੋਂ ਨਵਜਨਮੇ ਬੱਚੇ ਦੇ ਪੋਸ਼ਣ ਲਈ ਬਖਸ਼ਿਆ ਗਿਆ "ਮਾਂ ਦਾ ਦੁੱਧ" ਇਕ ਵੱਡਮੁੱਲੀ ਤੇ ਅਨਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੈ। ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਅੰਦਰ ਹੀ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਓਂਕਿ ਪਹਿਲਾ ਤੇ ਬਾਉਲਾ ਦੁੱਧ ਪੌਸ਼ਟਿਕ ਤੱਤਾਂ ਤੇ ਵਿਟਾਮਿਨ "ਏ" ਨਾਲ ਭਰਪੂਰ ਹੁੰਦਾ ਹੈ।
ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ "ਮਾਂ ਦਾ ਦੁੱਧ" ਨਵਜੰਮੇ ਬੱਚੇ ਲਈ ਸਰਬੋਤਮ ਅਤੇ ਸੰਪੂਰਨ ਆਹਾਰ ਹੁੰਦਾ ਹੈ ।ਇਹ ਬੱਚਿਆਂ ਨੂੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਹਨਾਂ ਦੇ ਸਰੀਰਕ ਤੇ ਮਾਨਸੀਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ।
ਮੈਡਮ ਪਰਮਜੀਤ ਕੌਰ ਸਟਾਫ ਨਰਸ ਨੇ ਦੱਸਿਆ ਕਿ "ਮਾਂ ਦੇ ਦੁੱਧ ਮਹੱਤਤਾ" ਸਬੰਧੀ ਦੁੱਧ ਚੁੰਘਾੳਣ ਸਮੇਂ ਕੁੱਝ ਖਾਸ ਧਿਆਨ ਰੱਖਣ ਯੋਗ ਗੱਲਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਜਿਵੇ ਬੱਚੇ ਨੂੰ ਹਮੇਸ਼ਾ ਬੈਠ ਕੇ ਦੁੱਧ ਚੁੰਘਾਉਣਾ, ਬੱਚੇ ਨੂੰ ਦੁੱਧ ਚੁੰਘਾਉਣ ਸਮੇਂ ਮਨ ਵਿੱਚ ਸਿਰਫ ਵਧੀਆਂ ਵਿਚਾਰ ਲਿਆਉਣੇ ਚਾਹੀਦੇ ਹਨ, ਬੱਚੇ ਦਾ ਮੂੰਹ ਛਾਤੀ ਦੇ ਏਨਾ ਨੇੜੇ ਨਾ ਰੱਖੋ ਕਿ ਉਸ ਦਾ ਨੱਕ ਦੱਬ ਜਾਵੇ ਅਤੇ ਸਾਹ ਲੈਣ ਵਿੱਚ ਕੋਈ ਮੁਸ਼ਕਲ ਨਾ ਹੋਵੇ, ਦੁੱਧ ਚੁੰਘਾਉਣ ਤੋਂ ਬਾਅਦ ਬੱਚੇ ਨੂੰ ਛਾਤੀ ਨਾਲ ਲਾ ਕੇ ਉਸ ਨੂੰ ਡਕਾਰ ਜ਼ਰੂਰ ਦਿਵਾਓ।