ਲਖੀਮਪੁਰ ਖੀਰੀ ਕਿਸਾਨ ਘੋਲ ਦੇ ਸ਼ਹੀਦਾਂ ਦੀ ਯਾਦ ਵਜੋਂ 3 ਅਕਤੂਬਰ ਨੂੰ ਮਹਿਲਕਲਾਂ ਅਤੇ ਤਪਾ ਵਿਖੇ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਦਿਆਂ, ਕੇਂਦਰੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ -ਕੁਲਵੰਤ ਭਦੌੜ
- Repoter 11
- 02 Oct, 2023
ਲਖੀਮਪੁਰ ਖੀਰੀ ਕਿਸਾਨ ਘੋਲ ਦੇ ਸ਼ਹੀਦਾਂ ਦੀ ਯਾਦ ਵਜੋਂ 3 ਅਕਤੂਬਰ ਨੂੰ ਮਹਿਲਕਲਾਂ ਅਤੇ ਤਪਾ ਵਿਖੇ ਕਾਲੇ ਝੰਡਿਆਂ ਨਾਲ ਰੋਸ
ਵਿਖਾਵੇ ਕਰਦਿਆਂ, ਕੇਂਦਰੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ -ਕੁਲਵੰਤ ਭਦੌੜ
ਪਿੰਡ ਕੁੱਲਰੀਆਂ ਦੇ ਆਬਾਦਕਾਰਾਂ ਦੀ ਜ਼ਮੀਨ ਤੇ ਕਬਜ਼ਾ ਬਰਕਰਾਰ ਰੱਖਾਂਗੇ, 11 ਅਕਤੂਬਰ ਨੂੰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ
ਅਲੀਸ਼ੇਰ ਦੇ ਸ਼ਰਧਾਂਜਲੀ ਸਮਾਗਮ ਵਿੱਚ ਵੱਡੇ ਕਾਫ਼ਲੇ ਸ਼ਮੂਲੀਅਤ ਕਰਨਗੇ- ਗੁਰਦੇਵ ਸਿੰਘ ਮਾਂਗੇਵਾਲ
ਬਰਨਾਲਾ 2 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਸਾਹਿਬ ਕਾਲਾ ਮਹਿਰ ਬਰਨਾਲਾ ਵਿਖੇ ਕੁਲਵੰਤ ਸਿੰਘ ਭਦੌੜ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਪਿਛਲੇ ਪ੍ਰੋਗਰਾਮਾਂ ਦਾ ਰਿਵਿਊ ਕੀਤਾ ਗਿਆ ਅਤੇ ਭਾਰਤੀ ਕਿਸਾਨ ਯੂਨੀਅਨ( ਏਕਤਾ )ਡਕੌਂਦਾ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਾਰਜਕਾਰੀ ਜਨਰਲ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਿਸਾਨ ਘੋਲ ਦੇ ਸ਼ਹੀਦਾਂ ਦੀ ਯਾਦ ਵਿੱਚ 3 ਅਕਤੂਬਰ ਨੂੰ ਮਹਿਲਕਲਾਂ ਅਤੇ ਤਪਾ ਵਿਖੇ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਦਿਆਂ, ਕੇਂਦਰੀ ਸਰਕਾਰ ਦੀਆਂ ਅਰਥੀਆਂ ਸਾੜਨ ਅਤੇ ਕਤਲ ਕਾਂਡ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਖ਼ਾਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ। ਇਸੇ ਤਰ੍ਹਾਂ ਹੀ 13 ਸਾਲ ਪਹਿਲਾਂ ਬੀਰੋਕੇ ਕਲਾਂ ਦੇ ਗ਼ਰੀਬ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਚੇਤੰਨ ਯੋਧਾ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਸ਼ਹੀਦ ਹੋ ਗਿਆ ਸੀ। ਜਥੇਬੰਦੀ ਨੇ ਠੀਕ ਸਮਝ ਅਤੇ ਜਨਤਕ ਤਾਕਤ ਦੇ ਆਸਰੇ ਘੋਲ ਲੜਿਆ,ਜਿੱਤਿਆ ਅਤੇ ਤਹਿਸੀਲਦਾਰ ਸਮੇਤ ਆੜਤੀਆਂ ਅਤੇ ਗੁੰਡਿਆਂ ਨੂੰ ਸੀਖਾਂ ਪਿੱਛੇ ਬੰਦ ਕਰਵਾਇਆ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਸ਼ਹੀਦ ਦੀ ਬਰਸੀ ਸੰਗਰਾਮੀ ਜੋਸ਼ ਖਰੋਸ਼ ਨਾਲ ਉਹਨਾਂ ਦੇ ਪਿੰਡ ਚੱਕ ਅਲੀਸ਼ੇਰ ਵਿਖੇ 11 ਅਕਤੂਬਰ ਨੂੰ ਮਨਾ ਰਹੀ ਹੈ। ਇਸ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਾਫ਼ਲਿਆਂ ਦੀ ਸ਼ਮੂਲੀਅਤ ਕਰਾਉਣ ਦਾ ਫੈਸਲਾ ਕੀਤਾ ਗਿਆ। ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ ਨੇ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਬਲਾਕਾਂ ਦੇ ਹੋਏ ਜਥੇਬੰਦਕ ਇਜਲਾਸਾਂ ਦੌਰਾਨ ਨਵੀਆਂ ਚੁਣਕੇ ਆਈਆਂ ਆਗੂ ਟੀਮਾਂ ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਰਾਮ ਸਿੰਘ ਸ਼ਹਿਣਾ,ਅਮਰਜੀਤ ਸਿੰਘ ਠੁੱਲੀਵਾਲ, ਬਾਬੂ ਸਿੰਘ ਖੁੱਡੀਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ,ਕਾਲਾ ਸਿੰਘ ਜੈਦ ਨੇ ਕਿਹਾ ਕਿ ਅੱਜ ਵੀ ਆਮ ਆਦਮੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੀ ਸ਼ਹਿ ਤੇ ਪਿੰਡ ਕੁੱਲਰੀਆਂ ਦੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਥੇਬੰਦੀ ਹਰ ਕੁਰਬਾਨੀ ਦੇ ਕੇ ਜ਼ਮੀਨ ਦੀ ਰਾਖੀ ਕਰੇਗੀ। ਕੇਂਦਰ ਸਰਕਾਰ, ਦਿੱਲੀ ਵਾਲੇ ਇਤਿਹਾਸਕ ਕਿਸਾਨ ਘੋਲ ਦੀ ਹਮਾਇਤ ਕਰਨ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਤੰਗ ਪ੍ਰੇਸ਼ਾਨ ਕਰ ਕੇ ਬਦਲਾ ਲੈਣਾ ਚਾਹੁੰਦੀ ਹੈ। ਸਰਕਾਰ ਵੱਲੋਂ ਪਰਾਲੀ ਸਾੜਨ ਜਾਂ ਪਰਾਲੀ ਦੇ ਕਰਚੇ ਵੱਢਣ ਵਾਲੇ ਰੀਪਰਾਂ ਵਾਲਿਆਂ ਨੂੰ ਧਮਕੀਆਂ ਦੇਣ ਖਿਲਾਫ਼ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਭਾਵੇਂ ਜਥੇਬੰਦੀ ਪਰਾਲ਼ੀ ਸਾੜਨ ਨੂੰ ਉਤਸ਼ਾਹਿਤ ਨਹੀਂ ਕਰੇਗੀ ਪਰ ਕਿਸਾਨਾਂ ਖ਼ਿਲਾਫ਼ ਕਿਸੇ ਵੀ ਕਾਰਵਾਈ ਦਾ ਡਟ ਕੇ ਵਿਰੋਧ ਕਰੇਗੀ। ਮੀਟਿੰਗ ਵਿੱਚ ਤਿੰਨੇ ਬਲਾਕਾਂ ਮਹਿਲਕਲਾਂ, ਸ਼ਹਿਣਾ ਅਤੇ ਬਰਨਾਲਾ ਦੇ ਜਨਰਲ ਸਕੱਤਰ ਅਤੇ ਖਜ਼ਾਨਚੀ ਵੀ ਹਾਜ਼ਰ ਸਨ।