ਭੈਣੀ ਮਹਿਰਾਜ ਦੀ ਪੰਚਾਇਤ ਵਲੋਂ 'ਪਲਾਸਟਿਕ ਕਚਰਾ ਲਿਆਓ, ਗੁੜ ਲੈ ਜਾਓ' ਮੁਹਿੰਮ ਦਾ ਆਗਾਜ ਪੰਚਾਇਤ ਨੇ ਲੋਕਾਂ ਨੂੰ ਪਲਾਸਟਿਕ ਬਦਲੇ 90 ਕਿਲੋ ਗੁੜ ਵੰਡਿਆ ਜ਼ਿਲ੍ਹੇ ਵਿੱਚ ਪਹਿਲ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਨਵਾਂ ਮਾਡਲ ਕੀਤਾ ਪੇਸ਼।
- Reporter 21
- 24 Jul, 2023 09:28
ਭੈਣੀ ਮਹਿਰਾਜ ਦੀ ਪੰਚਾਇਤ ਵਲੋਂ 'ਪਲਾਸਟਿਕ ਕਚਰਾ ਲਿਆਓ, ਗੁੜ ਲੈ ਜਾਓ' ਮੁਹਿੰਮ ਦਾ ਆਗਾਜ਼
*ਪੰਚਾਇਤ ਨੇ ਲੋਕਾਂ ਨੂੰ ਪਲਾਸਟਿਕ ਬਦਲੇ 90 ਕਿਲੋ ਗੁੜ ਵੰਡਿਆ
* ਜ਼ਿਲ੍ਹੇ ਵਿੱਚ ਪਹਿਲ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਨਵਾਂ ਮਾਡਲ ਕੀਤਾ ਪੇਸ਼
ਗ੍ਰਾਮ ਪੰਚਾਇਤ ਭੈਣੀ ਮਹਿਰਾਜ ਨੇ ਚੌਗਿਰਦੇ ਦੀ ਸੰਭਾਲ ਲਈ ਉੱਦਮ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੇ ਮਕਸਦ ਨਾਲ ਪਿੰਡ ਦੀ ਸੱਥ ਵਿੱਚ ਪਲਾਸਟਿਕ ਦੇ ਕਚਰੇ ਬਦਲੇ ਗੁੜ ਵੰਡਣ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸਰਪੰਚ ਸੁਖਵਿੰਦਰ ਕੌਰ ਨੇ ਕੀਤੀ।
ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਿੰਡਾਂ ਨੂੰ ਸਵੱਛ ਤੇ ਹਰਿਆ-ਭਰਿਆ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਹੀ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੀ ਬੀੜਾ ਚੱਕਿਆ ਗਿਆ ਹੈ।
ਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਕਤਾਰਾਂ ਵਿੱਚ ਲੱਗ ਕੇ ਆਪੋ ਆਪਣੀ ਵਾਰੀ ਅਨੁਸਾਰ ਪੰਚਾਇਤ ਨੂੰ ਪਲਾਸਟਿਕ ਦਾ ਕਚਰਾ ਦਿੱਤਾ ਅਤੇ ਬਦਲੇ ਵਿੱਚ ਬਰਾਬਰ ਦਾ ਗੁੜ ਪ੍ਰਾਪਤ ਕੀਤਾ। ਇਸ ਮੌਕੇ ਪੰਚਾਇਤ ਨੇ ਲੋਕਾਂ ਨੂੰ ਪਲਾਸਟਿਕ ਬਦਲੇ 90 ਕਿਲੋ ਗੁੜ ਵੰਡਿਆ। ਇਸ ਮੁਹਿੰਮ ਤਹਿਤ ਹਰ ਤਿੰਨ ਮਹੀਨਿਆਂ ਬਾਅਦ ਪਲਾਸਟਿਕ ਬਦਲੇ ਮੁਫ਼ਤ ਵਿੱਚ ਮੁੜ ਵੰਡਿਆ ਜਾਵੇਗਾ।
ਸਮਾਗਮ ਦੌਰਾਨ ਪਿੰਡ ਦੇ ਮੋਹਤਬਰ ਡਾਕਟਰ ਨਛੱਤਰ ਸਿੰਘ ਨੇ ਪਿੰਡ ਨੂੰ ਸਵੱਛ ਬਣਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਵਿੱਚ ਸਭ ਨੂੰ ਵਧ-ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ। ਵੀਡੀੳ ਪਰਮਜੀਤ ਸਿੰਘ ਭੁੱਲਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਕਚਰੇ ਨੂੰ ਪਬਲਿਕ ਥਾਂਵਾਂ 'ਤੇ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ ਤੇ ਹਰ ਇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਪਿੰਡ ਸਾਫ ਸੁਥਰਾ ਰੱਖਣ ਦੀ ਜ਼ਿੰਮੇਵਾਰੀ ਸਮਝੇ ਤਾਂ ਹੀ ਪਿੰਡ ਸਵੱਛ ਹੋ ਸਕਦਾ ਹੈ।
ਪੰਚ ਹਰਮੇਲ ਸਿੰਘ ਅਤੇ ਮੋਹਤਬਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਫਾਈ ਮੁਹਿੰਮ ਤਹਿਤ ਹਫਤਾ ਭਰ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੇ ਗਲੀਆਂ ਵਿੱਚੋਂ ਪਲਾਸਟਿਕ ਦਾ ਕਚਰਾ ਕੱਠਾ ਕੀਤਾ ਜਾਵੇਗਾ ਤੇ ਪਲਾਸਟਿਕ ਮੁਕਤ ਪਿੰਡ ਬਣਾਉਣ ਲਈ ਕਲੱਬਾਂ ਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ।
ਇਸ ਮੌਕੇ ਸਰਪੰਚ ਸੁਖਵਿੰਦਰ ਕੌਰ, ਆੜ੍ਹਤੀਆ ਗੁਰਜੰਟ ਸਿੰਘ ਮਾਨ , ਪੰਚਾਇਤ ਸਕੱਤਰ ਸਵਰਨ ਸਿੰਘ, ਪੰਚ ਜਵਾਲਾ ਸਿੰਘ, ਬਹਾਦਰ ਸਿੰਘ, ਸਾਧੂ ਸਿੰਘ, ਬਲਾਕ ਸੰਮਤੀ ਮੈਂਬਰ ਸਰਬਨ ਸਿੰਘ, ਜਤਿੰਦਰ ਸਿੰਘ, ਹਰਮੇਲ ਸਿੰਘ ਤੇ ਕੇਸਰ ਸਿੰਘ ਹਾਜ਼ਰ ਸਨ।