:

ਜਨਗਣਨਾ-2027: ਹਾਊਸ ਲਿਸਟਿੰਗ ਦੇ ਪਹਿਲੇ ਪੜਾਅ 'ਚ ਬਰਨਾਲਾ ਨਗਰ ਨਿਗਮ ਪੂਰੇ ਪੰਜਾਬ ਵਿੱਚੋਂ ਮੋਹਰੀ


ਜਨਗਣਨਾ-2027: ਹਾਊਸ ਲਿਸਟਿੰਗ ਦੇ ਪਹਿਲੇ ਪੜਾਅ 'ਚ ਬਰਨਾਲਾ ਨਗਰ ਨਿਗਮ ਪੂਰੇ ਪੰਜਾਬ ਵਿੱਚੋਂ ਮੋਹਰੀ


ਬਰਨਾਲਾ


ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਹਾਊਸਿੰਗ ਅਤੇ ਹਾਊਸ ਲਿਸਟਿੰਗ ਆਪ੍ਰੇਸ਼ਨਜ਼ ਦੇ ਸਾਰੇ ਬਲਾਕਾਂ ਵਿੱਚ ਕੰਮ ਸ਼ੁਰੂ ਕਰਨ ਦੇ ਮਾਮਲੇ ਵਿੱਚ ਨਗਰ ਨਿਗਮ ਬਰਨਾਲਾ ਪੂਰੇ ਪੰਜਾਬ ਵਿੱਚੋਂ ਮੋਹਰੀ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ (ਡੀ.ਸੀ.) ਅਤੇ ਮੁੱਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ ਸਾਰੇ 172 ਹਾਊਸ ਲਿਸਟਿੰਗ ਬਲਾਕਾਂ (ਐਚ.ਐਲ.ਬੀ.) ਵਿੱਚ ਸਰਵੇਖਣ ਦੀਆਂ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ 100 ਫੀਸਦੀ ਸਫ਼ਲਤਾ ਦੇ ਨਾਲ ਬਰਨਾਲਾ ਸੂਬੇ ਦਾ ਪਹਿਲਾ ਅਜਿਹਾ ਨਗਰ ਨਿਗਮ ਬਣ ਗਿਆ ਹੈ, ਜਿਸ ਨੇ ਸਾਰੇ ਬਲਾਕਾਂ ਵਿੱਚ ਇੱਕੋ ਵੇਲੇ ਕੰਮ ਆਰੰਭਿਆ ਹੈ। ਡੀ.ਸੀ. ਨੇ ਜ਼ਿਲ੍ਹੇ ਦੇ ਸਮੂਹ ਗਣਨਾਕਾਰਾਂ (ਐਨੂਮਰੇਟਰਾਂ) ਅਤੇ ਸੁਪਰਵਾਈਜ਼ਰਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।
ਉਨ੍ਹਾਂ ਦੱਸਿਆ ਕਿ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 800 ਹਾਊਸ ਲਿਸਟਿੰਗ ਬਲਾਕ ਹਨ। ਇਨ੍ਹਾਂ ਵਿੱਚੋਂ 19 ਬਲਾਕਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦੋਂ ਕਿ 780 ਬਲਾਕਾਂ ਵਿੱਚ ਜਨਗਣਨਾ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਜ਼ਿਲ੍ਹੇ ਵਿੱਚ ਸਿਰਫ਼ ਇੱਕ ਬਲਾਕ ਅਜਿਹਾ ਬਚਿਆ ਹੈ, ਜਿੱਥੇ ਸਰਵੇਖਣ ਸ਼ੁਰੂ ਹੋਣਾ ਬਾਕੀ ਹੈ। ਇਸ ਰਾਸ਼ਟਰੀ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਵਿੱਚ 1200 ਤੋਂ ਵੱਧ ਗਣਨਾਕਾਰ ਤਾਇਨਾਤ ਕੀਤੇ ਗਏ ਹਨ ਅਤੇ ਹਰ ਛੇ ਗਣਨਾਕਾਰਾਂ ਦੇ ਉੱਪਰ ਇੱਕ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ।
ਹਾਊਸਿੰਗ ਅਤੇ ਹਾਊਸ ਲਿਸਟਿੰਗ ਆਪ੍ਰੇਸ਼ਨਜ਼ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਗਣਨਾਕਾਰਾਂ ਨੂੰ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ ਵੀ ਕੀਤਾ ਗਿਆ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਬਿਹਤਰ ਕੰਮ ਕਰਨ ਵਾਲੇ ਸੁਪਰਵਾਈਜ਼ਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਡੀ.ਸੀ. ਹਰਪ੍ਰੀਤ ਸਿੰਘ ਨੇ ਫੀਲਡ ਸਟਾਫ਼ ਨੂੰ ਪੂਰੀ ਲਗਨ, ਜ਼ਿੰਮੇਵਾਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਜਨਗਣਨਾ ਦੇ ਇਸ ਪਹਿਲੇ ਪੜਾਅ ਦੀ ਸ਼ੁਰੂਆਤ 15 ਮਈ ਤੋਂ ਹੋਈ ਸੀ, ਜੋ ਕਿ 13 ਜੂਨ ਤੱਕ ਨਿਰੰਤਰ ਜਾਰੀ ਰਹੇਗੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਉਮੀਦ ਹੈ ਕਿ ਬਰਨਾਲਾ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਨੂੰ ਸਮੇਂ ਸਿਰ ਅਤੇ ਸਫ਼ਲਤਾਪੂਰਵਕ ਪੂਰਾ ਕਰਕੇ ਪੂਰੇ ਪੰਜਾਬ ਵਿੱਚ ਇੱਕ ਮਿਸਾਲ ਕਾਇਮ ਕਰੇਗਾ।

---

Municipal Corporation Barnala has become the leader in Punjab by starting Census 2027 phase one house listing operations across all 172 blocks under the guidance of DC Harpreet Singh.

जनगणना-2027 के पहले चरण के तहत बरनाला नगर निगम सभी 172 हाउस लिस्टिंग ब्लॉकों में काम शुरू करके पूरे पंजाब में अग्रणी बन गया है, जिसकी सराहना डीसी हरप्रीत सिंह ने की है।