:

ਲੁਧਿਆਣਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ: ਗੱਡੀ ਖੜ੍ਹੀ ਕਰਨ ਦੇ ਮਾਮੂਲੀ ਵਿਵਾਦ ਨੇ ਲਿਆ ਖੂਨੀ ਰੂਪ, ਐਮਰਜੈਂਸੀ ਵਾਰਡ ਬਣਿਆ ਜੰਗ ਦਾ ਮੈਦਾਨ


ਲੁਧਿਆਣਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ: ਗੱਡੀ ਖੜ੍ਹੀ ਕਰਨ ਦੇ ਮਾਮੂਲੀ ਵਿਵਾਦ ਨੇ ਲਿਆ ਖੂਨੀ ਰੂਪ, ਐਮਰਜੈਂਸੀ ਵਾਰਡ ਬਣਿਆ ਜੰਗ ਦਾ ਮੈਦਾਨ


ਲੁਧਿਆਣਾ 


ਲੁਧਿਆਣਾ ਦੇ ਗਿੱਲ ਚੌਕ ਨੇੜੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਇੱਕ ਮਾਮੂਲੀ ਵਿਵਾਦ ਉਸ ਸਮੇਂ ਖੂਨੀ ਸੰਘਰਸ਼ ਵਿੱਚ ਬਦਲ ਗਿਆ, ਜਦੋਂ ਹਮਲਾਵਰਾਂ ਨੇ ਇੱਕ ਨੌਜਵਾਨ 'ਤੇ ਘਰ ਦੇ ਬਾਹਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਗੱਲ ਇਹ ਰਹੀ ਕਿ ਜਦੋਂ ਪੀੜਤ ਨੌਜਵਾਨ ਮੈਡੀਕਲ ਜਾਂਚ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ, ਤਾਂ ਹਮਲਾਵਰ ਧਿਰ ਉੱਥੇ ਵੀ ਪਹੁੰਚ ਗਈ ਅਤੇ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਅੰਦਰ ਹੀ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਪੀੜਤ ਨੌਜਵਾਨ ਦੀ ਪਛਾਣ ਰਾਜੀਵ ਵਜੋਂ ਹੋਈ ਹੈ, ਜੋ ਸਪੇਅਰ ਪਾਰਟਸ ਦੀ ਦੁਕਾਨ 'ਤੇ ਕੰਮ ਕਰਦਾ ਹੈ। ਉਸਦੀ ਮਾਂ ਬਲਬੀਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਗਿੱਲ ਚੌਕ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਗੁਆਂਢ ਦੇ ਇੱਕ ਫੈਕਟਰੀ ਮਾਲਕ ਨਾਲ ਬਹਿਸ ਹੋਈ ਸੀ। ਪਰਿਵਾਰ ਨੇ ਕਿਹਾ ਸੀ ਕਿ ਲੜਕੇ ਦੇ ਆਉਣ 'ਤੇ ਕਾਰ ਹਟਾ ਦਿੱਤੀ ਜਾਵੇਗੀ, ਪਰ ਫੈਕਟਰੀ ਵਾਲੇ ਗਾਲੀ-ਗਲੋਚ 'ਤੇ ਉਤਰ ਆਏ। ਜਿਵੇਂ ਹੀ ਰਾਜੀਵ ਘਰ ਪਹੁੰਚਿਆ, ਹਮਲਾਵਰਾਂ ਨੇ ਤੈਸ਼ ਵਿੱਚ ਆ ਕੇ ਉਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਤੋਂ ਬਾਅਦ ਜਦੋਂ ਜ਼ਖਮੀ ਰਾਜੀਵ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਤਾਂ 5 ਤੋਂ 6 ਹਮਲਾਵਰਾਂ ਨੇ ਹਸਪਤਾਲ ਦੇ ਅੰਦਰ ਵੜ ਕੇ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ। ਉਨ੍ਹਾਂ ਨੇ ਰਾਜੀਵ ਨੂੰ ਜ਼ਮੀਨ 'ਤੇ ਸੁੱਟ ਕੇ ਬੇਰਹਿਮੀ ਨਾਲ ਲੱਤਾਂ-ਘਸੁੰਨਾਂ ਨਾਲ ਕੁੱਟਿਆ ਅਤੇ ਉਸਦੇ ਕੱਪੜੇ ਤੱਕ ਫਾੜ ਦਿੱਤੇ। ਹਸਪਤਾਲ ਦੇ ਅੰਦਰ ਮੌਜੂਦ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਇਸ ਦਹਿਸ਼ਤ ਨੂੰ ਦੇਖ ਕੇ ਸਹਿਮ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 2 ਦੇ ਐਸ.ਐਚ.ਓ. ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਇਸ ਪੂਰੀ ਵਾਰਦਾਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਸਪਤਾਲ ਦੇ ਅੰਦਰ ਹੋਈ ਇਸ ਖੁੱਲ੍ਹੇਆਮ ਗੁੰਡਾਗਰਦੀ ਨੇ ਸਿਵਲ ਹਸਪਤਾਲ ਦੀ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


---


Ludhiana Civil Hospital Brawl: A minor dispute over car parking near Gill Chowk escalated into a bloody clash, where attackers assaulted a youth at his home and later thrashed him inside the hospital emergency ward.


लुधियाना सिविल अस्पताल में गुंडागर्दी: गिल चौक के पास गाड़ी खड़ी करने के मामूली विवाद में हमलावरों ने युवक पर घर के बाहर हमला किया और बाद में सिविल अस्पताल के इमरजेंसी वार्ड के अंदर घुसकर बेरहमी से मारपीट की।


ਤਾਜ਼ਾ ਖ਼ਬਰਾਂ
Gallery
Tags
Social Media