:

ਪੰਜਾਬ ਵਿੱਚ ਬਿਜਲੀ ਸੰਕਟ ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੂਬਾ ਵਿਆਪੀ ਪ੍ਰਦਰਸ਼ਨ


ਪੰਜਾਬ ਵਿੱਚ ਬਿਜਲੀ ਸੰਕਟ ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੂਬਾ ਵਿਆਪੀ ਪ੍ਰਦਰਸ਼ਨ


ਪੰਜਾਬ-ਚੰਡੀਗੜ੍ਹ

ਪੰਜਾਬ ਵਿੱਚ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੂਰੇ ਸੂਬੇ ਵਿੱਚ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰਾਂ ਬਾਹਰ ਜ਼ੋਰਦਾਰ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਸਮੇਂ ਝੋਨੇ ਦੀ ਖੇਤੀ ਦਾ ਸੀਜ਼ਨ ਆਪਣੇ ਸਿਖਰ 'ਤੇ ਹੈ, ਪਰ ਪੇਂਡੂ ਖੇਤਰਾਂ ਵਿੱਚ ਖੇਤੀ ਮੋਟਰਾਂ ਲਈ ਸਿਰਫ਼ ਢਾਈ ਤੋਂ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ। ਬਿਜਲੀ ਦੀ ਇਸ ਭਾਰੀ ਕਿੱਲਤ ਕਾਰਨ ਫ਼ਸਲਾਂ ਦੀ ਸਿੰਚਾਈ ਦਾ ਕੰਮ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਆਮ ਖਪਤਕਾਰ ਅਤੇ ਮਜ਼ਦੂਰ ਵੀ ਅਣਐਲਾਨੇ ਕੱਟਾਂ ਕਾਰਨ ਪ੍ਰੇਸ਼ਾਨ ਹਨ।
ਕਿਸਾਨ ਮਜ਼ਦੂਰ ਮੋਰਚੇ ਨੇ ਸਰਕਾਰ ਅਤੇ ਬਿਜਲੀ ਵਿਭਾਗ ਦੇ ਸਾਹਮਣੇ ਮੁੱਖ ਮੰਗਾਂ ਰੱਖੀਆਂ ਹਨ। ਜਥੇਬੰਦੀ ਦੀ ਮੰਗ ਹੈ ਕਿ ਖੇਤੀਬਾੜੀ ਸੈਕਟਰ (ਮੋਟਰਾਂ) ਲਈ ਘੱਟੋ-ਘੱਟ 16 ਘੰਟੇ ਅਤੇ ਘਰੇਲੂ ਖਪਤਕਾਰਾਂ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਖ਼ਰਾਬ ਹੋਏ ਟ੍ਰਾਂਸਫਾਰਮਰਾਂ ਨੂੰ 24 ਘੰਟਿਆਂ ਦੇ ਅੰਦਰ ਬਦਲਿਆ ਜਾਵੇ ਅਤੇ ਉਨ੍ਹਾਂ ਦੀ ਢੋਆ-ਢੁਆਈ ਦਾ ਸਾਰਾ ਖ਼ਰਚਾ ਬਿਜਲੀ ਵਿਭਾਗ ਖ਼ੁਦ ਚੁੱਕੇ।
ਮੋਰਚੇ ਵੱਲੋਂ ਖਪਤਕਾਰਾਂ ਦੀ ਸਹਿਮਤੀ ਤੋਂ ਬਿਨਾਂ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਵੀ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਥਾਵਾਂ ਤੋਂ ਪੁਰਾਣੇ ਮੀਟਰ ਹਟਾਏ ਗਏ ਹਨ, ਉੱਥੇ ਦੁਬਾਰਾ ਪੁਰਾਣੇ ਮੀਟਰ ਲਗਾਏ ਜਾਣ ਅਤੇ 10 ਫੀਸਦੀ ਜੁਰਮਾਨਾ ਜੋੜ ਕੇ ਭੇਜੇ ਗਏ ਬਿਜਲੀ ਬਿੱਲ ਤੁਰੰਤ ਵਾਪਸ ਲਏ ਜਾਣ। ਇਸ ਤੋਂ ਇਲਾਵਾ ਬਿਜਲੀ ਵਿਭਾਗ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ, ਖਾਲੀ ਪਈਆਂ ਪੋਸਟਾਂ 'ਤੇ ਤੁਰੰਤ ਭਰਤੀ ਕਰਨ ਅਤੇ ਨਿੱਜੀ ਕੰਪਨੀਆਂ ਨਾਲ ਕੀਤੇ ਪਾਵਰ ਪਰਚੇਜ਼ ਸਮਝੌਤੇ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਹੈ। ਅੰਮ੍ਰਿਤਸਰ, ਪਟਿਆਲਾ, ਜਲੰਧਰ, ਲੁਧਿਆਣਾ ਅਤੇ ਬਠਿੰਡਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਹ ਪ੍ਰਦਰਸ਼ਨ ਵੱਡੇ ਪੱਧਰ 'ਤੇ ਜਾਰੀ ਹਨ।


---


Kisan Mazdoor Morcha launched a statewide protest in Punjab against power crisis, demanding 16 hours of power supply for agriculture and opposing smart meters.

पंजाब में बिजली संकट को लेकर किसान मजदूर मोर्चा ने राज्यव्यापी प्रदर्शन शुरू किया, कृषि के लिए 16 घंटे बिजली और स्मार्ट मीटरों का विरोध करने की मांग की।