:

ਬਰਨਾਲਾ ਵਿੱਚ ਵਕੀਲਾਂ ਵੱਲੋਂ 'ਲੀਗਲ ਏਡ ਡਿਫੈਂਸ ਕਾਉਂਸਲ ਪਾਲਿਸੀ' ਵਿਰੁੱਧ ਤੀਜੇ ਦਿਨ ਵੀ ਹੜਤਾਲ ਜਾਰੀ


ਬਰਨਾਲਾ ਵਿੱਚ ਵਕੀਲਾਂ ਵੱਲੋਂ 'ਲੀਗਲ ਏਡ ਡਿਫੈਂਸ ਕਾਉਂਸਲ ਪਾਲਿਸੀ' ਵਿਰੁੱਧ ਤੀਜੇ ਦਿਨ ਵੀ ਹੜਤਾਲ ਜਾਰੀ


ਬਰਨਾਲਾ


ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਵੱਲੋਂ ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂ ਦੀ ਅਗਵਾਈ ਹੇਠ 'ਲੀਗਲ ਏਡ ਡਿਫੈਂਸ ਕਾਉਂਸਲ ਪਾਲਿਸੀ' (LADC) ਦੇ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਹੜਤਾਲ ਅੱਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਵਕੀਲ ਭਾਈਚਾਰੇ ਨੇ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖਿਆ ਅਤੇ ਅਦਾਲਤੀ ਕੰਪਲੈਕਸ ਵਿੱਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਵਕੀਲ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਦਰਸ਼ਨ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਸੰਯੁਕਤ ਐਕਸ਼ਨ ਕਮੇਟੀ ਦੇ ਸੱਦੇ 'ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੌਜੂਦਾ ਐਲ.ਏ.ਡੀ.ਸੀ. ਨੀਤੀ ਨੂੰ ਰੱਦ ਕਰਕੇ ਪੁਰਾਣੀ ਪੈਨਲ ਪ੍ਰਣਾਲੀ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਹੜਤਾਲ ਨਿਰੰਤਰ ਜਾਰੀ ਰਹੇਗੀ।
ਵਕੀਲਾਂ ਨੇ ਦੋਸ਼ ਲਾਇਆ ਕਿ ਨਵੀਂ ਨੀਤੀ ਤਹਿਤ ਨਸ਼ਾ ਤਸਕਰਾਂ ਅਤੇ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਬਿਨਾਂ ਕਿਸੇ ਖਰਚ ਦੇ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਅਪਰਾਧੀ ਅਨਸਰਾਂ ਦੇ ਹੌਸਲੇ ਵਧਣਗੇ ਅਤੇ ਉਹ ਬਿਨਾਂ ਕਿਸੇ ਡਰ ਦੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣਗੇ। ਵਕੀਲ ਭਾਈਚਾਰੇ ਨੇ ਭਾਰਤ ਦੇ ਮੁੱਖ ਜੱਜ (CJI), ਨਾਲਸਾ (NALSA) ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ (PLSA) ਤੋਂ ਮੰਗ ਕੀਤੀ ਹੈ ਕਿ ਇਸ ਨੀਤੀ ਨੂੰ ਤੁਰੰਤ ਵਾਪਸ ਲਿਆ ਜਾਵੇ।
ਇਸ ਰੋਸ ਪ੍ਰਦਰਸ਼ਨ ਵਿੱਚ ਚੇਅਰਮੈਨ ਹਰਵਿੰਦਰ ਪਾਲ ਸਿੰਘ ਰਾਣੂ, ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਸੰਧੂ, ਚੰਦਰ ਬੰਸਲ ਧਨੌਲਾ, ਜਸਬੀਰ ਸਿੰਘ ਮਾਨ, ਯਾਦਵ ਸ਼ਰਮਾ, ਗੁਰਤੇਜ ਮਾਨ ਸਮੇਤ ਵੱਡੀ ਗਿਣਤੀ ਵਿੱਚ ਹੋਰ ਵਕੀਲ ਹਾਜ਼ਰ ਸਨ


---


Lawyers in Barnala protest against the Legal Aid Defence Counsel Policy, demanding the reinstatement of the old panel system as they continue their strike for the third consecutive day.


बरनाला में वकीलों ने 'लीगल एड डिफेंस काउंसिल पॉलिसी' के खिलाफ अपनी हड़ताल तीसरे दिन भी जारी रखी, वे पुरानी पैनल प्रणाली को बहाल करने की मांग कर रहे हैं।