ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ*
- Admin Default
- 21 Oct, 2026 17:13
ਪ੍ਰੈੱਸ ਨੋਟ
*ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ
ਹੱਕੀ ਮੰਗਾਂ ਦੀ ਪੂਰਤੀ ਲਈ ਡੀ.ਸੀ. ਦਫ਼ਤਰ ਵਿਖੇ ਇਕੱਠੇ ਹੋਏ ਮੁਲਾਜ਼ਮ ਅਤੇ ਪੈਨਸ਼ਨਰ, ਗੂੰਜੇ ਸਰਕਾਰ ਵਿਰੋਧੀ ਨਾਅਰੇ*
ਵਾਅਦਾ ਖ਼ਿਲਾਫ਼ੀ ਵਿਰੁੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ, ਮੰਗਾਂ ਨਾ ਮੰਨਣ ’ਤੇ 2027 ਦੀਆਂ ਚੋਣਾਂ ਵਿੱਚ ਸਬਕ ਸਿਖਾਉਣ ਦੀ ਚਿਤਾਵਨੀ
ਬਰਨਾਲਾ, 21 ਅਕਤੂਬਰ ( ) ਸਾਂਝੀ ਤਾਲਮੇਲ ਕਮੇਟੀ, ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਪੰਜਾਬ ਦੇ ਸੱਦੇ ’ਤੇ ਅੱਜ 21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਸੱਦੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਤੇ ਸਕੂਲ ਬੰਦ ਰਹੇ। ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਕੱਠੇ ਹੋਏ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੇ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਅਣਗਹਿਲੀ ਵਾਲੇ ਰਵੱਈਏ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ। ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਸਰਕਾਰ ਦੇ ਚੋਣ ਵਾਅਦਿਆਂ ਅਤੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਲੋਕਾਂ ਸਾਹਮਣੇ ਆਪਣਾ ਪੱਖ ਰੱਖਿਆ।
ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਮਨੋਹਰ ਲਾਲ ਅਰੋੜਾ, ਬਲਜਿੰਦਰ ਪ੍ਰਭੂ, ਦਰਸ਼ਨ ਚੀਮਾ,ਨਿਰਮਲਜੀਤ ਸਿੰਘ ਚਾਨੇ,ਮੋਹਨ ਸਿੰਘ ਛੰਨਾ ਤੇ ਇੰਜੀਨੀਅਰ ਕੇਵਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਹੈ। ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੰਜਾਬ ਪੇਅ ਸਕੇਲ ਮੁੜ ਲਾਗੂ ਕੀਤੇ ਜਾਣ, ਪੇਂਡੂ ਭੱਤਾ, ਬਾਰਡਰ ਭੱਤਾ ਅਤੇ ਬੰਦ ਕੀਤੇ ਗਏ 37 ਤਰ੍ਹਾਂ ਦੇ ਹੋਰ ਭੱਤੇ ਬਹਾਲ ਕੀਤੇ ਜਾਣ ਅਤੇ ਏ.ਸੀ.ਪੀ. ਸਕੀਮ ਲਾਗੂ ਕੀਤੀ ਜਾਵੇ। ਕੰਪਿਊਟਰ ਅਧਿਆਪਕਾਂ ਅਤੇ ਐਨ.ਐੱਸ.ਕਿਊ.ਐੱਫ. ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਨ ਅਤੇ 17 ਜੁਲਾਈ 2020 ਤੇ 15 ਜਨਵਰੀ 2015 ਦੇ ਪੱਤਰ ਰੱਦ ਕਰਕੇ ਬਣਦੇ ਵਿੱਤੀ ਲਾਭ ਦੇਣ ਦੀ ਮੰਗ ਵੀ ਉਠਾਈ ਗਈ। ਇਸ ਤੋਂ ਇਲਾਵਾ ਸਾਲ 2023 ਵਿੱਚ ਬਣਾਏ ਗਏ ਸਪੈਸ਼ਲ ਕਾਡਰ ਦੇ ਅਧਿਆਪਕਾਂ ਨੂੰ ਸੀ.ਐੱਸ.ਆਰ. ਦੇ ਘੇਰੇ ਵਿੱਚ ਲਿਆਉਣ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਆਂਗਣਵਾੜੀ ਵਰਕਰਾਂ, ਹੈਲਪਰਾਂ ਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਸਬੰਧੀ ਕਾਨੂੰਨ ਅਨੁਸਾਰ ਹੱਕ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਮਾਨਸਾ ਦੇ ਸਾਥੀ ਪਰਵਿੰਦਰ ਸਿੰਘ ਝੋਟਾ ਅਤੇ ਨੇਹਾ ਸ਼ੌਰੀ ਦੇ ਨਸ਼ਾ ਵਿਰੋਧੀ ਲਹਿਰ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਗਈ।
ਬੁਲਾਰਿਆਂ ਗੁਰਲਾਭ ਸਿੰਘ ਮੌੜ,ਨਰਿੰਦਰ ਸ਼ਹਿਣਾ,ਪਰਮਿੰਦਰ ਸਿੰਘ ਬਰਨਾਲਾ,ਗੁਰਪ੍ਰੀਤ ਸ਼ਹਿਣਾ,ਰਜਿੰਦਰ ਢਿੱਲੋਂ, ਰਮਨਦੀਪ ਸਿੰਗਲਾ, ਪ੍ਰਦੀਪ ਕੁਮਾਰ, ਗੁਰਪ੍ਰੀਤ ਭੋਤਨਾ, ਸੁਖਵਿੰਦਰ ਕੌਰ ਪੂਨਮ,ਕੁਲਦੀਪ ਨੈਣੇਵਾਲ, ਤਜਿੰਦਰ ਤੇਜੀ,ਸੁਖਚੈਨ ਜੇਠੁਕੇ, ਰੂਪ ਚੰਦ ਤਪਾ, ਅੰਸ਼ੂ ਗੁਪਤਾ, ਪ੍ਰਿੰਸੀਪਲ ਕੌਰ ਸਿੰਘ,ਸੁਖਜੰਟ ਸਿੰਘ, ਜਸਵੀਰ ਬੀਹਲਾ, ਨਵਨੀਤ ਸਿੰਘ ਭੱਠਲ, ਦਲਜਿੰਦਰ ਪੰਡੋਰੀ ਤੇ ਜਸਪਾਲ ਤਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮ ਆਗੂਆਂ ਨਾਲ ਹਰ 15 ਦਿਨਾਂ ਬਾਅਦ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਕਤੂਬਰ ਦੇ ਪਹਿਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਨਹੀਂ ਕੀਤੀ ਗਈ। ਆਗੂਆਂ ਨੇ ਇਸ ਨੂੰ ਵਾਅਦਾ ਖ਼ਿਲਾਫ਼ੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਨਿਰਾਸ਼ਾ ਨੂੰ ਗੁੱਸੇ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਅਤੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੱਠ ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਨੂੰ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਅੱਜ ਸਾਰੇ ਪੰਜਾਬ ਵਿੱਚ ਇਵੇਂ ਹੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਕੱਲ੍ਹ 22 ਅਕਤੂਬਰ ਨੂੰ ਡੀਸੀ ਦਫ਼ਤਰ ਬਰਨਾਲਾ ਅੱਗੇ ਵਿਸ਼ਾਲ ਇਕੱਠ ਕੀਤਾ ਜਾਵੇਗਾ ਤੇ ਸਾਰੇ ਸ਼ਹਿਰ ਅੰਦਰ ਮੋਟਰਸਾਈਕਲ ਮਾਰਚ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜੀਵ ਕੁਮਾਰ, ਹਰਿੰਦਰ ਮੱਲੀਆਂ, ਅਨਿਲ ਕੁਮਾਰ, ਜਗਵੰਤ ਸਿੰਘ, ਮੇਵਾ ਸਿੰਘ, ਸੁਰਿੰਦਰ ਸ਼ਰਮਾਂ, ਤੀਰਥ ਦਾਸ,ਨਿਰਮਲ ਚੁਹਾਣਕੇ,ਜੱਗਾ ਸਿੰਘ ਧਨੌਲਾ,ਜ਼ੋਰਾ ਸਿੰਘ ਖ਼ਿਆਲੀ, ਮਨਮੋਹਨ ਭੱਠਲ, ਹਰਵਿੰਦਰ ਬਰਨਾਲਾ,ਸੁਖਦੀਪ ਤਪਾ ਤੇ ਇੰਜੀਨੀਅਰ ਗੁਰਪ੍ਰੀਤ ਸਿੰਘ ਬਰਨਾਲਾ, ਸੁਖਵਿੰਦਰ ਸਿੰਘ,ਈਸ਼ਰ ਸਿੰਘ ਚੀਮਾ,ਚੰਚਲ ਕੌਸ਼ਲ, ਗੁਰਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਜਾਰੀ ਕਰਤਾ
ਰਾਜੀਵ ਕੁਮਾਰ 9501047405
ਸਾਂਝੀ ਤਾਲਮੇਲ ਕਮੇਟੀ







