ਅੱਜ ਪੁਰਾਣੀ ਪੈਨਸ਼ਨ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਫੈਸਲਾ
- Admin Default
- 24 Aug, 2024 01:12
ਅੱਜ ਪੁਰਾਣੀ ਪੈਨਸ਼ਨ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਫੈਸਲਾ
ਨੈਸ਼ਨਲ ਕੌਂਸਲ ਦੇ ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ
ਨਵੀਂ ਦਿੱਲੀ
ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਕੌਂਸਲ ਆਫ ਸਟਾਫ ਸਾਈਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਸਬੰਧੀ ਭਾਰਤ ਸਰਕਾਰ ਦੇ ਉਪ ਸਕੱਤਰ ਪ੍ਰਵੀਨ ਜਰਗਰ ਨੇ ਕੌਂਸਲ ਦੇ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੌਂਸਲ ਦੇ ਸਾਰੇ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਹੋਣ, ਤਾਂ ਜੋ ਉਨ੍ਹਾਂ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਕੀਤਾ ਜਾ ਸਕੇ। ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਪ੍ਰਤੀਨਿਧੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਮੀਟਿੰਗ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਕੁਝ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਪੁਰਾਣੀ ਪੈਨਸ਼ਨ ਵਰਗੇ ਹੋਰ ਮੁੱਦਿਆਂ 'ਤੇ ਕੁਝ ਅਹਿਮ ਫੈਸਲਾ ਲੈ ਸਕਦੀ ਹੈ, ਜਿਸ ਤੋਂ ਪਹਿਲਾਂ ਇਹ ਮੀਟਿੰਗ ਬੁਲਾਈ ਗਈ ਹੈ। ਲੰਬੇ ਸਮੇਂ ਤੋਂ ਮੁਲਾਜ਼ਮ ਮੰਗ ਕਰ ਰਹੇ ਹਨ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।
ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਜਨਤਕ ਅਦਾਰਿਆਂ ਦੇ ਨਿੱਜੀਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰੇਲਵੇ ਸਮੇਤ ਕਈ ਸਰਕਾਰੀ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਭਰਨਾ ਮੁਲਾਜ਼ਮ ਯੂਨੀਅਨਾਂ ਦੀ ਚਿਰੋਕਣੀ ਮੰਗ ਸੀ। ਅਜਿਹੇ 'ਚ ਪ੍ਰਧਾਨ ਮੰਤਰੀ ਨਾਲ ਸਿੱਧੇ ਤੌਰ 'ਤੇ ਹੋਣ ਵਾਲੀ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
7 ਲੋਕ ਕਲਿਆਣ ਮਾਰਗ 'ਤੇ ਹੋਣ ਵਾਲੀ ਮੀਟਿੰਗ 'ਚ ਮੁਲਾਜ਼ਮਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਹੋਣ ਦੀ ਉਮੀਦ ਹੈ। ਇਸ ਵਿੱਚ ਪੁਰਾਣੀ ਪੈਨਸ਼ਨ ਨੂੰ ਲੈ ਕੇ ਵੀ ਕੁਝ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਵਿੱਤੀ ਸਾਲ 2024-25 ਦਾ ਆਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਪੈਨਸ਼ਨ ਵਿੱਚ ਸੁਧਾਰ ਦੀ ਗੱਲ ਕੀਤੀ ਸੀ। ਇਸ ਲਿਹਾਜ਼ ਨਾਲ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
Source babushahi







