ਸਾਊਥ ਕੋਰੀਆ ’ਚ ਮਾਛੀਵਾੜਾ ਸਾਹਿਬ ਦਾ ਨੌਜਵਾਨ ਲਾਪਤਾ
- Admin Default
- 24 Aug, 2024 01:20
ਸਾਊਥ ਕੋਰੀਆ ’ਚ ਮਾਛੀਵਾੜਾ ਸਾਹਿਬ ਦਾ ਨੌਜਵਾਨ ਲਾਪਤਾ
- ਮਾਪਿਆਂ ਨੇ ਕੇਂਦਰ ਸਰਕਾਰ ਸਮੇਤ ਆਗੂਆਂ ਅੱਗੇ ਲਗਾਈ ਗੁਹਾਰ ਕਿ ਸਾਡੇ ਇਕਲੌਤੇ ਪੁੱਤ ਲੱਭ ਕੇ ਲਿਆ ਦਿਓ
ਮਾਛੀਵਾੜਾ ਸਾਹਿਬ
ਮਾਛੀਵਾੜਾ ਸਾਹਿਬ ਨੇੜਲੇ ਪਿੰਡ ਮਾਛੀਵਾਡ਼ਾ ਖਾਮ ਦੇ ਨਿਵਾਸੀ ਰਾਕੇਸ਼ ਕੁਮਾਰ ਦਾ ਨੌਜਵਾਨ ਪੁੱਤਰ ਅਕਾਸ਼ਦੀਪ ਜੋ ਕਿ ਸਾਊਥ ਕੋਰੀਆ ਵਿਖ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ ਜਿਸ ਤੋਂ ਬੇਹੱਦ ਚਿੰਤਤ ਮਾਪਿਆਂ ਨੇ ਕੇਂਦਰ ਸਰਕਾਰ ਤੇ ਹੋਰ ਸਿਆਸੀ ਆਗੂਆਂ ਅੱਗੇ ਗੁਹਾਰ ਲਗਾਈ ਕਿ ਸਾਡੇ ਇਕਲੌਤੇ ਪੁੱਤ ਨੂੰ ਲੱਭ ਕੇ ਲਿਆ ਦਿਓ। ਪਿਤਾ ਰਾਕੇਸ਼ ਕੁਮਾਰ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਆਪਣੇ ਇਕਲੌਤੇ ਪੁੱਤਰ ਅਕਾਸ਼ਦੀਪ (24) ਨੂੰ ਸੰਨ 2020 ਵਿਚ 1 ਏਕਡ਼ ਆਪਣੀ ਜਮੀਨ ਵੇਚ ਕੇ ਚੰਗੇ ਭਵਿੱਖ ਲਈ ਸਾਊਥ ਕੋਰੀਆ ਭੇਜਿਆ ਸੀ ਜਿੱਥੇ ਉਹ ਰੋਜ਼ਗਾਰ ਕਰਕੇ ਪਿੱਛੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਲੰਘੀ 16 ਅਗਸਤ 2024 ਨੂੰ ਉਸਦਾ ਲਡ਼ਕਾ ਸਾਊਥ ਕੋਰੀਆ ਵਿਖੇ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਅਤੇ ਉਸਦਾ ਮੋਬਾਇਲ ਵੀ ਬੰਦ ਹੋ ਗਿਆ।
ਜਦੋਂ ਉਸਨੇ ਆਪਣੇ ਲਡ਼ਕੇ ਅਕਾਸ਼ਦੀਪ ਦੇ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਸਾਊਥ ਕੋਰੀਆ ਦੇ ਪੁਲਸ ਥਾਣਾ ਸੁਵਾਨ ਦੇ ਖੇਤਰ ਵਿਚ ਰਾਤ ਸਮੇਂ ਇਕੱਠੇ ਜਾ ਰਹੇ ਸਨ ਇਕ ਪੈਟਰੋਲ ਪੰਪ ਤੇ ਉਨ੍ਹਾਂ ਪਿੱਛੇ ਪੁਲਸ ਲੱਗ ਪਈ। ਸਾਊਥ ਕੋਰੀਆ ਵਿਚ ਕੱਚੇ ਹੋਣ ਕਾਰਨ ਉਹ ਘਬਰਾ ਗਏ ਕਿ ਕਿਤੇ ਪੁਲਸ ਉਨ੍ਹਾਂ ਨੂੰ ਫਡ਼ ਕੇ ਡਿਪੋਰਟ ਨਾ ਕਰ ਦੇਵੇ ਇਸ ਲਈ ਉਹ ਸਾਰੇ ਅਲੱਗ-ਅਲੱਗ ਭੱਜ ਗਏ ਜਿਨ੍ਹਾਂ ’ਚੋਂ ਕਾਰ ਚਾਲਕ ਫਡ਼ਿਆ ਗਿਆ। ਦੋਸਤਾਂ ਨੇ ਦੱਸਿਆ ਕਿ ਕਾਰ ਵਿਚ ਸਵਾਰ ਉਹ ਤਿੰਨੋ ਬਾਅਦ ਵਿਚ ਆਪਣੇ ਘਰ ਪਰਤ ਆਏ ਪਰ ਉਨ੍ਹਾਂ ਦੇ ਪੁੱਤਰ ਅਕਾਸ਼ਦੀਪ ਦਾ ਇਸ ਘਟਨਾ ਤੋਂ ਬਾਅਦ ਕੁਝ ਪਤਾ ਨਾ ਲੱਗਾ। ਅਕਾਸ਼ਦੀਪ ਦੇ ਦੋਸਤਾਂ ਵਲੋਂ ਸਾਊਥ ਕੋਰੀਆ ਵਿਚ ਲੱਭਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੋਈ ਸੁਰਾਗ ਨਾ ਲੱਗਾ।
ਇਸ ਤੋਂ ਇਲਾਵਾ ਸਾਊਥ ਕੋਰੀਆ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਅਕਾਸ਼ਦੀਪ ਦੀ ਗੁੰਮਸ਼ੁਦਗੀ ਸਬੰਧੀ ਅਨਾਉਂਸਮੈਂਟ ਵੀ ਕਰਵਾਈ ਗਈ ਅਤੇ ਪੁਲਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਪਰ ਕੁਝ ਵੀ ਪਤਾ ਨਾ ਲੱਗਾ। ਪੀਡ਼੍ਹਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ ਐਂਬੇਸੀ ਵਿਚ ਜਾ ਕੇ ਆਪਣੇ ਪੁੱਤਰ ਦੀ ਤਲਾਸ਼ ਲਈ ਗੁਹਾਰ ਲਗਾਈ ਅਤੇ ਪੱਤਰ ਦਿੱਤੇ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਸਾਊਥ ਕੋਰੀਆ ਵਿਖੇ 16 ਅਗਸਤ ਨੂੰ ਮਾਛੀਵਾਡ਼ਾ ਖਾਮ ਦਾ ਨੌਜਵਾਨ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਸੀ ਪਰ ਪਿੱਛੇ ਪਿੰਡ ਵਿਚ ਭੈਣਾਂ ਨੂੰ ਇੰਤਜ਼ਾਰ ਸੀ ਕਿ ਉਨ੍ਹਾਂ ਦੇ ਭਰਾ ਦਾ ਫੋਨ 19 ਅਗਸਤ ਨੂੰ ਰੱਖਡ਼ੀ ਵਾਲੇ ਦਿਨ ਜ਼ਰੂਰ ਆਵੇਗਾ। ਰੱਖਡ਼ੀ ਦਾ ਤਿਉਹਾਰ ਵੀ ਭੈਣਾਂ ਨੇ ਇੰਤਜ਼ਾਰ ਵਿਚ ਕੱਢ ਦਿੱਤਾ ਅਤੇ ਉਹ ਅੱਜ ਵੀ ਉਡੀਕ ਕਰਦੀਆਂ ਹਨ ਕਿ ਉਨ੍ਹਾਂ ਦੇ ਭਰਾ ਦਾ ਸੁੱਖ ਸੁਨੇਹਾ ਆਵੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 16 ਅਗਸਤ ਨੂੰ ਦਿਨ ਸਮੇਂ ਅਕਾਸ਼ਦੀਪ ਦੀ ਆਪਣੀ ਮਾਂ ਨਾਲ ਆਖਰੀ ਵਾਰ ਗੱਲਬਾਤ ਹੋਈ ਸੀ ਕਿ ਉਹ ਕਹਿੰਦਾ ਸੀ ਕਿ ਛੋਟੀ ਭੈਣ ਦੇ ਵਿਆਹ ਲਈ ਪੈਸੇ ਕਮਾ ਲਵਾਂ ਅਤੇ ਫਿਰ ਉਹ ਭਾਰਤ ਪਰਤ ਆਵੇਗਾ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਕੋਰੀਆ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਪੁੱਤਰ ਦੀ ਤਲਾਸ਼ ਸਬੰਧੀ ਜਲਦ ਉਪਰਾਲਾ ਕਰੇ ਕਿਉਂਕਿ ਪਿੱਛੇ ਗੁੰਮ ਹੋਏ ਲਡ਼ਕੇ ਦੀ ਮਾਂ ਤੇ ਭੈਣ ਅਤੇ ਹੋਰ ਪਰਿਵਾਰਕ ਮੈਂਬਰ ਬੇਹੱਦ ਚਿੰਤਤ ਹਨ।
Source babushahi







