ਬੱਚੀ ਨਾਲ ਜ਼ਬਰ-ਜਨਾਹ ਕਰ ਕੇ ਕਤਲ ਕਰਨ ਵਾਲੇ ਪਿਓ ਨੂੰ ਫਾਂਸੀ ਦੀ ਸਜ਼ਾ
- Admin Default
- 30 Aug, 2024 23:19
ਬੱਚੀ ਨਾਲ ਜ਼ਬਰ-ਜਨਾਹ ਕਰ ਕੇ ਕਤਲ ਕਰਨ ਵਾਲੇ ਪਿਓ ਨੂੰ ਫਾਂਸੀ ਦੀ ਸਜ਼ਾ
ਬਿਆਸ
ਆਪਣੀ ਹੀ 6 ਸਾਲਾ ਮਾਸੂਮ ਬਾਲੜੀ ਨਾਲ ਜਬਰ ਜਨਾਹ ਕਰ ਕੇ ਘਿਣਾਉਣੇ ਕਤਲ ਕਰਨ ਦੇ ਜੁਰਮ 'ਚ ਗਿ੍ਫ਼ਤਾਰ ਕੀਤੇ ਦੋਸ਼ੀ ਪਿਓ ਨੂੰ ਅੰਮਿ੍ਤਸਰ ਦੀ ਪੋਸਕੋ ਫਾਸਟ ਟਰੈਕ ਅਦਾਲਤ ਨੇ ਡੇਢ ਲੱਖ ਰੁਪਏ ਜੁਰਮਾਨਾ ਤੇ ਮੌਤ ਲਈ ਫਾਂਸੀ ਦੀ ਸਜ਼ਾ ਸੁਣਾਈ ਹੈ | ਅੰਮਿ੍ਤਸਰ ਦੇ ਦਿਹਾਤੀ ਖੇਤਰ ਖਿਲਚੀਆਂ ਨੇੜੇ ਇਕ ਪਿੰਡ 'ਚ ਵਾਪਰੀ ਘਟਨਾ ਦਾ ਇਹ ਮਾਮਲਾ 5 ਸਾਲ ਪੁਰਾਣਾ ਹੈ ਜਦੋਂਕਿ ਦੋਸ਼ੀ ਵਿਅਕਤੀ ਦੀ ਪਤਨੀ ਪਰਿਵਾਰਕ ਝਗੜੇ ਕਰਕੇ ਉਸ ਤੋਂ ਆਪਣੇ ਬੱਚਿਆਂ ਸਮੇਤ ਵੱਖ ਰਹਿੰਦੀ ਸੀ ਤੇ ਦੋਸ਼ੀ ਸਮੇਂ-ਸਮੇਂ 'ਤੇ ਆਪਣੀ ਬੱਚੀ ਨੂੰ ਆਪਣੇ ਨਾਲ ਲੈ ਜਾਂਦਾ ਸੀ ਤੇ ਘਟਨਾ ਵਾਲੇ ਦਿਨ ਚਾਰ ਜਨਵਰੀ 2020 ਸ਼ਾਮ ਨੂੰ ਉਹ ਬੱਚੀ ਨੂੰ ਲੈ ਗਿਆ ਤੇ ਛੱਡਣ ਨਹੀਂ ਆਇਆ ਤੇ ਜੰਗਲੀ ਇਲਾਕੇ ਵਿਚ ਨੰਨ੍ਹੀ ਬੱਚੀ ਨਾਲ ਜਬਰ ਜਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਦਰੱਖਤ ਨਾਲ ਲਟਕਾ ਦਿੱਤੀ ਅਤੇ ਉਹ ਨਸ਼ੇ ਦੀ ਹਾਲਤ ਵਿਚ ਨੇੜੇ ਹੀ ਘੁੰਮਦਾ ਰਿਹਾ । ਉਸਨੇ ਇਸ ਵਾਰਦਾਤ ਬਾਰੇ ਆਪਣੀ ਪਤਨੀ ਨੂੰ ਆਪ ਹੀ ਸੂਚਿਤ ਕਰ ਦਿੱਤਾ ਕਿ ਉਸਨੇ ਬੱਚੀ ਨੂੰ ਮਾਰ ਮੁਕਾਇਆ ਹੈ | ਇਸ ਸੰਬੰਧੀ ਥਾਣਾ ਖਿਲਚੀਆਂ ਵਿਖੇ ਦੋਸ਼ੀ ਦੀ ਪਤਨੀ ਰਮਨਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਿਤੀ 5 ਜਨਵਰੀ 2020 ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ | ਅੱਜ ਪੌਸਕੋ ਫਾਸਟ ਟਰੈਕ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤ੍ਰਿਪਤਜੋਤ ਕੌਰ ਨੇ ਬਾਬਾ ਬਕਾਲਾ ਦੇ ਪਿੰਡ ਲੱਖੂਵਾਲ ਦੇ ਰਹਿਣ ਵਾਲੇ ਪ੍ਰਤਾਪ ਸਿੰਘ (36) ਨੂੰ ਆਪਣੀ ਹੀ ਛੇ ਸਾਲਾ ਪੁੱਤਰੀ ਨਾਲ ਮਿਤੀ 4-5 ਜਨਵਰੀ 2020 ਦੀ ਦਰਮਿਆਨੀ ਰਾਤ ਨੂੰ ਕੀਤੇ ਘਿਨੌਣੇ ਅਪਰਾਧ ਲਈ ਧਾਰਾ 302 ਅਤੇ ਪੌਸਕੋ ਐਕਟ ਦੀ ਧਾਰਾ 6 ਅਧੀਨ ਦਰਜ ਮੁਕੱਦਮੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਵਲੋਂ ਦਿੱਤੀਆਂ ਦਲੀਲਾਂ ਨਾਲ ਨਾ-ਸਹਿਮਤ ਹੁੰਦਿਆਂ ਧਾਰਾ 302 ਤਹਿਤ ਫਾਂਸੀ ਦੀ ਸਜ਼ਾ ਅਤੇ ਡੇਢ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।
Source babushahi







