:

ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਸਮੇਤ ਸਿੱਖ ਆਗੂਆਂ ਦੇ ਕਤਲਾਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ

0

ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਸਮੇਤ ਸਿੱਖ ਆਗੂਆਂ ਦੇ ਕਤਲਾਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ

- ਸਿੱਖ ਕੌਮ ਦੇ ਮਸਲਿਆਂ ਸੰਬੰਧੀ ਰਾਸ਼ਟਰਪਤੀ ਦੇ ਨਾਂਅ ਏਡੀਸੀ ਨੂੰ  ਸੌਂਪਿਆ ਮੰਗ ਪੱਤਰ
 
ਬਰਨਾਲਾ, 28 ਸਤੰਬਰ

 ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੀ ਜ਼ਿਲ੍ਹਾ ਬਰਨਾਲਾ ਜਥੇਬੰਦੀ ਵੱਲੋਂ ਅੱਜ ਭਾਈ ਹਰਦੀਪ ਸਿੰਘ ਨਿੱਝਰ ਦੇ ਕੈਨੇਡਾ ਵਿੱਚ ਹੋਏ ਕਤਲ ਸਮੇਤ ਵੱਖ-ਵੱਖ ਸਿੱਖ ਆਗੂਆਂ ਦੇ ਕਤਲਾਂ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਵਿਸ਼ਵ ਦੇ ਸਾਹਮਣੇ ਲਿਆਉਣ, ਦੋਸ਼ੀਆਂ ਨੂੰ  ਸਜਾ ਦਿਵਾਉਣ ਅਤੇ ਸਿੱਖ ਕੌਮ ਦੇ ਹੋਰ ਵੱਖ-ਵੱਖ ਮਸਲਿਆਂ ਸੰਬੰਧੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦੇ ਨਾਂਅ ਏਡੀਸੀ ਬਰਨਾਲਾ ਨੂੰ  ਸੌਂਪਿਆ ਗਿਆ | 
ਜ਼ਿਲ੍ਹਾ ਜਥੇਬੰਦੀ ਬਰਨਾਲਾ ਵੱਲੋਂ ਰਾਸ਼ਟਰਪਤੀ ਦੇ ਨਾਂਅ ਸੌਂਪੇ ਮੰਗ ਪੱਤਰ ਵਿੱਚ ਵਿਸਥਾਰ ਪੂਰਵਕ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਭਾਰਤੀ ਹੁਕਮਰਾਨਾਂ ਦੇ ਇਸ਼ਾਰੇ 'ਤੇ ਜਮਹੂਰੀਅਤ ਅਤੇ ਅਮਨ ਮਈ ਢੰਗ ਨਾਲ ਆਪਣੀ ਸੰਪੂਰਨ ਆਜਾਦੀ, ਅਣਖ-ਗੈਰਤ ਨੂੰ  ਕਾਇਮ ਰੱਖਣ ਲਈ ਸੰਘਰਸ਼ ਕਰ ਰਹੀ ਸਿੱਖ ਕੌਮ ਨਾਲ ਸਬੰਧਤ ਸਿੱਖ ਨੌਜਵਾਨਾਂ ਨੂੰ  ਸਾਜਿਸ਼ੀ ਢੰਗ ਨਾਲ ਨਿਸ਼ਾਨਾ ਬਣਾ ਕੇ ਕਤਲ ਕਰਕੇ ਅਣਮਨੁੱਖੀ ਅਮਲ ਕੀਤੇ ਜਾ ਰਹੇ ਹਨ | ਜਿਸਦੇ ਤਹਿਤ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਤੇ ਰਿਪੁਦਮਨ ਸਿੰਘ ਮਲਿਕ ਦਾ ਕਤਲ, ਬਰਤਾਨੀਆਂ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ, ਹਰਿਆਣਾ ਵਿੱਚ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਅਤੇ ਪੰਜਾਬ ਵਿੱਚ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਇਆ ਗਿਆ ਹੈ | ਸਮੁੱਚੀ ਸਿੱਖ ਕੌਮ ਅਤੇ ਕੌਮੀ ਜਥੇਬੰਦੀਆਂ ਵੱਲੋਂ ਇਨ੍ਹਾਂ ਸਾਜਿਸ਼ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ ਦੀ ਜੋਰਦਾਰ ਮੰਗ ਉਠਾਉਣ ਦੇ ਬਾਵਜੂਦ ਭਾਰਤੀ ਹਕੂਮਤ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਨ੍ਹਾਂ ਕਤਲਾਂ ਦੀ ਕੋਈ ਜਾਂਚ ਕਰਵਾਈ ਗਈ | ਇਸ ਤੋਂ ਇਲਾਵਾ ਜੋ ਸਿੱਖ ਨੌਜਵਾਨ ਲੰਬੇ ਸਮੇਂ ਤੋਂ ਆਪਣੀ ਆਜਾਦੀ ਲਈ ਸਿਆਸੀ ਲੜਾਈ ਲੜਦੇ ਆ ਰਹੇ ਹਨ, ਉਨ੍ਹਾਂ ਰਾਜਸੀ ਕੈਦੀਆਂ ਨੂੰ  ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਅ ਨਹੀਂ ਕੀਤਾ ਜਾ ਰਿਹਾ | ਹੋਰ ਤਾਂ ਹੋਰ ਇੱਕ ਸਾਜਿਸ਼ ਤਹਿਤ ਸਿੱਖਾਂ ਨੂੰ  ਅੱਤਵਾਦੀ, ਵੱਖਵਾਦੀ, ਸ਼ਰਾਰਤੀ ਅਨਸਰ, ਗਰਮ ਦਲੀਏ ਆਦਿ ਬਦਨਾਮ ਨਾਵਾਂ ਨਾਲ ਸੰਬੋਧਨ ਕਰਕੇ ਸਿੱਖਾਂ ਦਾ ਅਕਸ਼ ਖਰਾਬ ਕਰਨ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ | ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿੱਖ ਕੌਮ ਵੱਲੋਂ ਦੇਸ਼ ਲਈ ਅਣਗਿਣਤ ਕੁਰਬਾਨੀਆਂ ਦੇਣ ਦੇ ਬਾਵਜੂਦ ਸਿੱਖ ਕੌਮ ਨਾਲ ਭੇਦਭਾਵ ਵਾਲਾ ਰਵੱਈਆ ਅਪਣਾਇਆ ਜਾਂਦਾ ਹੈ, ਜਿਸ ਸਦਕਾ ਸਿੱਖ ਕੌਮ ਦੇ ਹੁਨਰਮੰਦ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧਿਆ ਹੈ | 
ਆਗੂਆਂ ਨੇ ਕੈਨੇਡਾ ਨੂੰ  ਜਮਹੂਰੀਅਤ ਅਤੇ ਇਨਸਾਫ ਪੰਸਦ ਮੁਲਕ ਕਰਾਰ ਦਿੰਦਿਆਂ ਕੈਨੇਡਾ ਦੇ ਵਜੀਰ ਜਸਟਿਨ ਟਰੂਡੋ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਕਰਵਾਉਣ ਲਈ ਚੁੱਕੇ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸ਼੍ਰੀ ਟਰੂਡੋ ਨੇ ਇਸ ਮਾਮਲੇ ਨੂੰ  ਗੰਭੀਰਤਾ ਨਾਲ ਲੈਂਦੇ ਹੋਏ ਸਿੱਖ ਕੌਮ ਨੂੰ  ਇਨਸਾਫ ਦਿਵਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ | 
ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀ ਧਰਤੀ 'ਤੇ ਇੰਡੀਅਨ ਹੁਕਮਰਾਨਾਂ ਵੱਲੋਂ ਜੋ ਸਿੱਖ ਕੌਮ ਨਾਲ ਜਬਰ ਜੁਲਮ ਕੀਤੇ ਗਏ ਹਨ, ਸਮਾਜਿਕ ਬੇਇੰਨਸਾਫੀਆਂ ਕੀਤੀਆਂ ਗਈਆਂ ਹਨ, ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖਾਂ ਨੂੰ  ਜਬਰੀ ਗੈਰ ਕਾਨੂੰਨੀ ਢੰਗ ਨਾਲ ਜੇਲਾਂ ਵਿੱਚ ਬੰਦ ਕੀਤਾ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਦੋਸ਼ੀਆਂ ਨੂੰ  ਬਚਾਉਣ ਦੀਆਂ ਜੋ ਕਾਰਵਾਈਆਂ ਕੀਤੀਆਂ ਗਈਆਂ ਹਨ ਆਦਿ ਸਾਰੇ ਅਹਿਮ ਮਾਮਲਿਆਂ ਵਿੱਚ ਇਨਸਾਫ ਦੁਆਇਆ ਜਾਵੇ | ਭਾਈ ਹਰਦੀਪ ਸਿੰਘ ਨਿੱਝਰ ਸਮੇਤ ਪੰਜ ਸਿੱਖਾਂ ਦੇ ਹੋਏ ਕਤਲਾਂ ਦੀ ਸੱਚਾਈ ਸੰਸਾਰ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਕਰਵਾਈ ਜਾਵੇ | 
ਮੰਗ ਪੱਤਰ ਸੌਂਪਣ ਸਮੇਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸਪੈਸ਼ਲ ਸਕੱਤਰ ਗੁਰਜੰਟ ਸਿੰਘ ਕੱਟੂ, ਬੀਬੀ ਸੁਖਜੀਤ ਕੌਰ, ਓਕਾਂਰ ਸਿੰਘ ਬਰਾੜ, ਸੁਖਜਿੰਦਰ ਸਿੰਘ ਕਲਕੱਤਾ ਸਰਪੰਚ ਸ਼ਹਿਣਾ, ਕੁਲਦੀਪ ਸਿੰਘ ਕਾਲਾ ਉਗੋਕੇ, ਦੀਪਕ ਸਿੰਗਲਾ, ਗੁਰਦਿੱਤ ਸਿੰਘ ਦੁਗਾਲ, ਬੀਬੀ ਕਰਮਜੀਤ ਕੌਰ ਸਮੇਤ ਹੋਰ ਆਗੂ ਅਤੇ ਵਰਕਰ ਹਾਜਰ ਸਨ |