:

ਮਾਸੀ ਨੇ ਕਿਵੇਂ ਵਿਆਹੀ ਭਤੀਜੀ ਨੂੰ ਵੇਚਿਆ


 ਮਾਸੀ ਨੇ ਕਿਵੇਂ ਵਿਆਹੀ ਭਤੀਜੀ ਨੂੰ ਵੇਚਿਆ

ਅਬੋਹਰ



ਅਬੋਹਰ ਪੁਲਿਸ ਨੇ ਮਨੁੱਖੀ ਤਸਕਰੀ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੀਲੀਬੰਗਾ ਦੀ ਇੱਕ ਔਰਤ ਨੂੰ ਉਸਦੀ ਮਾਸੀ ਨੇ ਰਾਜਸਥਾਨ ਦੇ ਇੱਕ ਵਿਅਕਤੀ ਨੂੰ ਵੇਚ ਦਿੱਤਾ ਸੀ। ਪੁਲੀਸ ਨੇ ਮਾਸੀ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤਾ ਦਾ ਵਿਆਹ ਕਰੀਬ 7 ਸਾਲ ਪਹਿਲਾਂ ਪੀਲੀਬੰਗਾ ਵਾਸੀ ਜਸਵਿੰਦਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਦੋ ਬੱਚੇ ਹੋਏ। ਘਰੇਲੂ ਕਲੇਸ਼ ਕਾਰਨ ਉਹ ਛੇ ਮਹੀਨੇ ਪਹਿਲਾਂ ਅਬੋਹਰ ਨੇੜੇ ਆਪਣੇ ਪੇਕੇ ਘਰ ਆ ਗਈ ਸੀ।

ਸਟੇਸ਼ਨ ਹਾਊਸ ਅਫ਼ਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 64, 84, 61 (2) ਦੇ ਨਾਲ-ਨਾਲ ਅਨੈਤਿਕ ਟਰੈਫ਼ਿਕ (ਰੋਕੂ) ਐਕਟ, 1956 ਦੀ ਧਾਰਾ 4 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।

ਮਾਸੀ ਮੈਨੂੰ ਪਾਰਟੀ ਦੇ ਬਹਾਨੇ ਨਾਲ ਲੈ ਗਈ

ਪੀੜਤਾ ਨੇ ਦੱਸਿਆ ਕਿ ਇੱਥੇ ਉਹ ਆਪਣੀ ਮਾਸੀ ਮਨਪ੍ਰੀਤ ਕੌਰ ਉਰਫ਼ ਮਨੀ ਵਾਸੀ ਬਕਣਵਾਲਾ ਕੋਲ ਰਹਿ ਕੇ ਕਿੰਨੂ ਵੱਢਣ ਦਾ ਕੰਮ ਕਰਨ ਲੱਗੀ। ਕਰੀਬ ਇੱਕ ਮਹੀਨਾ ਪਹਿਲਾਂ ਉਸ ਦੀ ਮਾਸੀ ਉਸ ਨੂੰ ਇਹ ਕਹਿ ਕੇ ਸੀਡ ਫਾਰਮ ਲੈ ਕੇ ਆਈ ਕਿ ਉਨ੍ਹਾਂ ਨੇ ਇੱਥੋਂ ਦੇ ਹੀ ਰਹਿਣ ਵਾਲੇ ਦਮਨ ਸਿੰਘ ਦੀ ਪਤਨੀ ਮਨਦੀਪ ਕੌਰ ਦੇ ਘਰ ਇੱਕ ਪਾਰਟੀ ਵਿੱਚ ਜਾਣਾ ਹੈ। ਇੱਥੇ ਉਸ ਦੀ ਮਾਸੀ ਨੇ ਉਸ ਦੀਆਂ ਫੋਟੋਆਂ ਖਿੱਚੀਆਂ ਅਤੇ ਕਿਸੇ ਅਣਪਛਾਤੀ ਔਰਤ ਨੂੰ ਭੇਜ ਦਿੱਤੀਆਂ।

ਇਸ ਦੌਰਾਨ ਉਸਦੀ ਮਾਸੀ ਨੇ ਉਸਨੂੰ ਕੋਲਡ ਡਰਿੰਕ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਪਿਲਾਇਆ। ਜਿਸ ਕਾਰਨ ਉਹ ਬੇਹੋਸ਼ ਹੋ ਗਈ, ਜਦੋਂ ਦੋ ਦਿਨਾਂ ਬਾਅਦ ਉਸ ਨੂੰ ਹੋਸ਼ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਸੀ ਨੇ ਉਸ ਨੂੰ ਰਾਜਸਥਾਨ ਦੇ ਬਰਕਲਾਂ ਵਾਸੀ ਪੁਖਰਾਜ ਕੋਲ ਵੇਚ ਦਿੱਤਾ ਹੈ।

ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਤੀ ਨੇ ਉਸ ਨੂੰ ਬਚਾਇਆ

ਪੀੜਤਾ ਨੇ ਦੱਸਿਆ ਕਿ ਉਸ ਨੇ ਉਥੋਂ ਭੱਜਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸੀਡ ਫਾਰਮ ਦੀ ਮਨਦੀਪ ਕੌਰ, ਮਾਸੀ ਮਨਪ੍ਰੀਤ ਕੌਰ, ਭੈਣ ਸੀਮਾ, ਅਬੋਹਰ ਵਾਸੀ ਰਤਨ ਅਤੇ ਰਜਿੰਦਰ ਨੇ ਉਸ ਨੂੰ ਉੱਥੋਂ ਨਹੀਂ ਜਾਣ ਦਿੱਤਾ ਅਤੇ ਧਮਕੀਆਂ ਦਿੱਤੀਆਂ ਕਿ ਹੁਣ ਉਸ ਨੂੰ ਪੁਖਰਾਜ ਕੋਲ ਰਹਿਣਾ ਪਵੇਗਾ। ਫਿਰ ਕਿਸੇ ਤਰ੍ਹਾਂ ਉਸ ਨੇ ਆਪਣੇ ਵਟਸਐਪ ਰਾਹੀਂ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ। ਜਿਸ ਨੇ ਉਥੇ ਆ ਕੇ ਉਸ ਨੂੰ ਉਸ ਦੇ ਚੁੰਗਲ 'ਚੋਂ ਛੁਡਵਾਇਆ। ਪੀੜਤਾ ਨੇ ਦੋਸ਼ ਲਾਇਆ ਕਿ ਜਦੋਂ ਤੱਕ ਉਹ ਪੁਖਰਾਜ ਕੋਲ ਰਹੀ, ਉਹ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਰਿਹਾ।

ਸਿਟੀ ਵਨ ਪੁਲੀਸ ਨੇ ਮੁਲਜ਼ਮ ਮਨਪ੍ਰੀਤ ਕੌਰ ਵਾਸੀ ਬਕਣਵਾਲਾ, ਮਨਦੀਪ ਕੌਰ ਵਾਸੀ ਸੀਡ ਫਾਰਮ, ਪੁਖਰਾਜ ਵਾਸੀ ਬੇਰਕਾਨ ਓਸੀਆਂ, ਜੋਧਪੁਰ ਦਿਹਾਤੀ ਰਾਜਸਥਾਨ, ਸੀਮਾ ਵਾਸੀ ਪੀਲੀਬੰਗਾ, ਰਤਨ ਅਤੇ ਰਜਿੰਦਰ ਵਾਸੀ ਅਬੋਹਰ ਖ਼ਿਲਾਫ਼ ਕੇਸ ਦਰਜ ਕਰਕੇ ਰਤਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।