ਨਸ਼ੇ ਕਾਰਨ ਹੋਈ ਇਕ ਨੌਜਵਾਨ ਦੀ ਮੌਤ
- Repoter 11
- 18 Oct, 2023 02:47
ਨਸ਼ੇ ਕਾਰਨ ਹੋਈ ਇਕ ਨੌਜਵਾਨ ਦੀ ਮੌਤ
ਚੰਡੀਗੜ੍ਹ (ਪੰਜਾਬ )18/10/2023
ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਹੈ ਤੇ ਨੌਜਵਾਨ ਲਗਾਤਾਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਬੁੱਧਵਾਰ ਨੂੰ ਕੋਟਕਪੂਰਾ ਦੇ ਜਲਾਲੇਆਣਾ ਰੋਡ 'ਤੇ ਸੜਕ ਕਿਨਾਰੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਲਾਸ਼ ਮਿਲੀ। ਉਕਤ ਨੌਜਵਾਨ ਦੇ ਨੱਕ 'ਚੋਂ ਝਗ ਨਿਕਲ ਰਹੀ ਸੀ ਤੇ ਸੰਭਾਵਨਾ ਹੈ ਕਿ ਉਹ ਰਾਤ ਤੋਂ ਹੀ ਸੜਕ 'ਤੇ ਪਿਆ ਸੀ। ਬੁੱਧਵਾਰ ਸਵੇਰੇ ਖੇਤਾਂ 'ਚ ਕੰਮ ਕਰਨ ਆਏ ਕਿਸਾਨਾਂ ਨੇ ਜਦੋਂ ਲਾਸ਼ ਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਕਰੀਬ ਡੇਢ ਘੰਟੇ ਬਾਅਦ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਇਸ ਮੌਕੇ ਕਿਸਾਨ ਜਗਦੀਪ ਸਿੰਘ ਨੇ ਦੱਸਿਆ ਕਿ ਨਸ਼ੇੜੀ ਅਕਸਰ ਹੀ ਇਸ ਸੜਕ 'ਤੇ ਟੋਲੀਆਂ ਬਣਾ ਕੇ ਬੈਠ ਜਾਂਦੇ ਹਨ ਤੇ ਇਸ ਨੌਜਵਾਨ ਦੀ ਮੌਤ ਬਾਰੇ ਪੁਲਿਸ ਹੀ ਜਾਂਚ ਕਰਕੇ ਜਾਣਕਾਰੀ ਦੇ ਸਕਦੀ ਹੈ।ਮੌਕੇ ’ਤੇ ਪੁੱਜੇ ਏਐਸਆਈ ਲਕਸ਼ਮਣ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਦੀ ਆਰਸੀ ਤੋਂ ਨੌਜਵਾਨ ਦੀ ਪਛਾਣ ਸੰਤੋਖ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਬਾਜੇ ਮਰਾੜ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਕੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ , ਜਿੱਥੋਂ ਇਹ ਲਾਸ਼ ਬਰਾਮਦ ਹੋਈ ਹੈ, ਉਹ ਇੰਦਰਾ ਕਲੋਨੀ ਹੈ, ਜਿੱਥੇ ਖੁੱਲ੍ਹੇਆਮ ਨਸ਼ਾ ਵੇਚਣ ਦੇ ਦੋਸ਼ ਲੱਗੇ ਹਨ।