:

ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਪਰਾਲੀ ਸਾੜਨ ਮਗਰੋਂ ਪੁਲਿਸ ਦੇ ਡਰ ਤੇ ਚੁੱਕਿਆ ਖੌਫ਼ਨਾਕ ਕਦਮ


ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਪਰਾਲੀ ਸਾੜਨ ਮਗਰੋਂ ਪੁਲਿਸ ਦੇ ਡਰ ਤੇ ਚੁੱਕਿਆ ਖੌਫ਼ਨਾਕ ਕਦਮ 

ਬਠਿੰਡਾ (ਪੰਜਾਬ)22/11/23

ਬਠਿੰਡਾ ਦੇ ਇਕ ਕਿਸਾਨ ਵੱਲੋਂ ਆਤਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ ਤੇ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਉਸ ਨੇ ਪੁਲਿਸ ਦੇ ਤੋਂ ਇਹ ਖੌਫਨਾਕ ਕਦਮ ਚੁੱਕਿਆ ਹੈ। ਪਰਿਵਾਰ ਵਿਚ ਮ੍ਰਿਤਕ ਦੀ ਮਾਂ, ਪਤਨੀ ਤੇ ਧੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਕੋਠਾਗੁਰੂ ਪਿੰਡ ਵਿਚ ਰਹਿਣ ਵਾਲੇ ਗੁਰਦੀਪ ਸਿੰਘ ਕੋਲ 6 ਏਕੜ ਜ਼ਮੀਨ ਸੀ। ਇਸੇ ਜ਼ਮੀਨ ‘ਚ ਖੇਤੀਬਾੜੀ ਕਰਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਪਿਛਲੇ ਦਿਨੀਂ ਝੋਨੇ ਦੀ ਕਟਾਈ ਦੇ ਬਾਅਦ ਗੁਰਦੀਪ ਸਿੰਘ ਖੇਤਾਂ ਵਿਚ ਬਚ ਜਾਣ ਵਾਲੀ ਪਰਾਲੀ ਨੂੰ ਟਿਕਾਣੇ ਲਗਾਉਣ ਦਾ ਕੋਈ ਤਰੀਕਾ ਲੱਭ ਰਿਹਾ ਸੀ। ਜਦੋਂ ਆਸ-ਪਾਸ ਦੇ ਇਲਾਕੇ ਵਿਚ ਉਸ ਨੂੰ ਪਰਾਲੀ ਦਾ ਪ੍ਰਬੰਧ ਕਰਨ ਲਾਇਕ ਕੁਝ ਨਹੀਂ ਮਿਲਿਆ ਤਾਂ ਗੁਰਦੀਪ ਸਿੰਘ ਨੂੰ ਮਜਬੂਰੀਵੱਸ ਉਸ ਵਿਚ ਅੱਗ ਲਗਾਉਣ ਦਾ ਫੈਸਲਾ ਕਰਨਾ ਪਿਆ ਕਿਉਂਕਿ ਕਣਕ ਦੀ ਬਿਜਾਈ ਲਈ ਖੇਤਾਂ ਨੂੰ ਜਲਦੀ ਖਾਲੀ ਕਰਨਾ ਜ਼ਰੂਰੀ ਸੀ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਦੀਪ ਸਿੰਘ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਰਿਹਾ ਸੀ ਕਿ ਇਸ ਦਰਮਿਆਨ ਪੁਲਿਸ ਨੇ ਛਾਪਾ ਮਾਰ ਦਿਤਾ। ਗੁਰਦੀਪ ਡਰ ਦੇ ਮਾਰੇ ਭੱਜ ਗਿਆ। ਰੇਡ ਦੌਰਾਨ ਪਰਚੇ ਦੇ ਡਰੋਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲਿਆ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਅਜਿਹੇ ਕਿਸਾਨਾਂ ਖਿਲਾਫ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ ਤੇ ਜੁਰਮਾਨਾ ਕੀਤਾ ਜਾ ਰਿਹਾ ਹੈ।