ਪ੍ਰੋਫੈਸਰ ਦੀ ਕੀਤੀ ਕੁੱਟਮਾਰ,12 ਵਿਦਿਆਰਥੀ ਕੀਤੇ ਸਸਪੈਂਡ, ਯੂਨੀਵਰਸਿਟੀ 'ਚ ਐਂਟਰੀ ਕੀਤੀ ਬੈਨ
- Repoter 11
- 14 Dec, 2023 03:48
ਪ੍ਰੋਫੈਸਰ ਦੀ ਕੀਤੀ ਕੁੱਟਮਾਰ,12 ਵਿਦਿਆਰਥੀ ਕੀਤੇ ਸਸਪੈਂਡ, ਯੂਨੀਵਰਸਿਟੀ 'ਚ ਐਂਟਰੀ ਕੀਤੀ ਬੈਨ
ਪਟਿਆਲਾ (ਪੰਜਾਬ)14/12/23
ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬੀ ਵਿਭਾਗ ਦੇ ਪ੍ਰੋ. ਸੁਰਜੀਤ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੰਜਾਬੀ ਯੂਨੀਵਰਸਿਟੀ ਨੇ 12 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਯੂਨੀਵਰਸਿਟੀ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਕੈਂਪਸ ਵਿੱਚ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ| 13 ਸਤੰਬਰ ਦੀ ਰਾਤ ਨੂੰ ਯੂਨੀਵਰਸਿਟੀ ਵਿਦਿਆਰਥਣ ਦੀ ਉਸ ਦੇ ਬਠਿੰਡਾ ਸਥਿਤ ਘਰ ਵਿੱਚ ਬਿਮਾਰੀ ਕਾਰਨ ਮੌਤ ਹੋਣ ਮਗਰੋਂ ਪੰਜਾਬੀ ਵਿਭਾਗ ਦੇ ਪ੍ਰੋਫੈਸਰ ’ਤੇ ਵਿਦਿਆਰਥਣ ਨਾਲ ਗ਼ਲਤ ਵਿਵਹਾਰ ਕਰਨ ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਉਂਦਿਆਂ ਵਿਦਿਆਰਥੀਆਂ ਦੀ ਭੀੜ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਸੀ। ਇਸ ਸਬੰਧੀ ਇੱਕ ਸਾਬਕਾ ਜੱਜ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ। ਇਸ ਮਗਰੋਂ ਥਾਣਾ ਅਰਬਨ ਐਸਟੇਟ ਦੀ ਪੁਲਿਸ ਨੇ ਕਈ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤੇ ਸਨ। ਜੱਜ ਵੱਲੋਂ ਆਪਣੀ ਰਿਪੋਰਟ ਵਿੱਚ ਅਧਿਆਪਕ ਦਾ ਵਤੀਰਾ ਢੁੱਕਵਾਂ ਨਾ ਹੋਣ ਦੀ ਕੀਤੀ ਗਈ ਟਿੱਪਣੀ ਕਰਕੇ ਉਸ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਸੀ। ਇਸ ਮਗਰੋਂ ਹਿੰਸਾ ਵਿਰੋਧੀ ਸਾਂਝੇ ਮੋਰਚੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਅਧਿਆਪਕ ’ਤੇ ਹਮਲਾ ਕਰਨ ਵਾਲੇ ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਸੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੇ ਨਿੱਜੀ ਸਕੱਤਰ ਪ੍ਰੋ. ਨਾਗਰ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚ ਯਾਦਵਿੰਦਰ ਸਿੰਘ ਯਾਦੂ, ਮਨੀ ਤੇ ਹਰਲੀਨ ਸਮੇਤ ਕੁਝ ਹੋਰ ਦੇ ਨਾਮ ਸ਼ਾਮਲ ਹਨ।