ਹਾਈਕੋਰਟ ਨੇ ਪੁਲਿਸ ਦੀ ਲਾਈ ਕਲਾਸ, ਫਿਰੋਜ਼ਪੁਰ ਜੇਲ੍ਹ ਤੋਂ ਤਸਕਰਾਂ ਨੇ 2 ਫੋਨਾਂ ਰਾਹੀਂ ਕੀਤੀਆਂ 43 ਹਜ਼ਾਰ ਕਾਲਾਂ
- Repoter 11
- 23 Dec, 2023 10:01
ਹਾਈਕੋਰਟ ਨੇ ਪੁਲਿਸ ਦੀ ਲਾਈ ਕਲਾਸ, ਫਿਰੋਜ਼ਪੁਰ ਜੇਲ੍ਹ ਤੋਂ ਤਸਕਰਾਂ ਨੇ 2 ਫੋਨਾਂ ਰਾਹੀਂ ਕੀਤੀਆਂ 43 ਹਜ਼ਾਰ ਕਾਲਾਂ
ਫ਼ਰੀਦਕੋਟ 23/12/23
ਫਿਰੋਜ਼ਪੁਰ ਜੇਲ੍ਹ ਤੋਂ ਤਸਕਰਾਂ ਨੇ 2 ਫੋਨਾਂ ਰਾਹੀਂ ਕੀਤੀਆਂ 43 ਹਜ਼ਾਰ ਕਾਲਾਂ ਕਰਨ ਤੇ ਹਾਈਕੋਰਟ ਨੇ ਕਿਹਾ ਕਿ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੈਦੀਆਂ ਤੱਕ ਫ਼ੋਨ ਪਹੁੰਚ ਰਹੇ ਹਨ। ਜੇਲ੍ਹ ਵਿੱਚੋਂ ਇੱਕ ਨੰਬਰ ਤੋਂ 38,850 ਫ਼ੋਨ ਕਾਲਾਂ ਅਤੇ ਦੂਜੇ ਨੰਬਰ ਤੋਂ 4582 ਫ਼ੋਨ ਕਾਲਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਨਸ਼ੇ ਦੇ ਕਾਰੋਬਾਰ ਦੀ ਜਾਂਚ 'ਚ ਹੋਈ ਲਾਪਰਵਾਹੀ 'ਤੇ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਉਂ ਨਾ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਹਾਈਕੋਰਟ ਨੇ ਪੰਜਾਬ ਦੇ ਸਪੈਸ਼ਲ ਡਾਇਰੈਕਟਰ ਜਨਰਲ (ਡੀਜੀ) ਅੰਦਰੂਨੀ ਸੁਰੱਖਿਆ ਦੀ ਪੇਸ਼ੀ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ।ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਅਦਾਲਤ ਨੂੰ ਕਿਹਾ ਕਿ 10 ਦਿਨਾਂ ਦਾ ਸਮਾਂ ਦਿੱਤਾ ਜਾਵੇ। ਹਾਈ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਫ਼ਿਰੋਜ਼ਪੁਰ ਜੇਲ੍ਹ ਦੇ ਸੁਪਰਡੈਂਟ ਸਤਨਾਮ ਸਿੰਘ, ਤਤਕਾਲੀ ਜੇਲ੍ਹ ਸੁਪਰਡੈਂਟ ਅਰਵਿੰਦਰਪਾਲ ਸਿੰਘ ਭੱਟੀ, ਗੁਰਨਾਮ ਲਾਲ, ਜੇਲ੍ਹ ਟਰੇਨਿੰਗ ਇੰਸਟੀਚਿਊਟ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਹੈ। ਤਿੰਨ ਸੇਵਾਮੁਕਤ ਜੇਲ੍ਹ ਸੁਪਰਡੈਂਟਾਂ ਬਲਜੀਤ ਸਿੰਘ ਵੈਦਿਆ, ਕਰਮਜੀਤ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਖ਼ਿਲਾਫ਼ ਵੀ ਕਾਰਵਾਈ ਦੀ ਸਿਫ਼ਾਰਸ ਕੀਤੀ ਗਈ ਹੈ।ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਮੁਖੀ ਤੇ ਸਪੈਸ਼ਲ ਡੀਜੀਪੀ ਇੰਟਰਨਲ ਸਕਿਓਰਿਟੀ ਆਰਐੱਨ ਢੋਕੇ ਕੋਰਟ ਦੇ ਆਦੇਸ਼ `ਤੇ ਹਾਜ਼ਰ ਹੋਏ। ਹਾਈ ਕੋਰਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਐੱਸਐੱਸਓਸੀ ਦੀ ਨਿਗਰਾਨੀ ਕਰਦੇ ਹੋ? ਇਸਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਉਹ ਹਰ ਜ਼ਿਲ੍ਹੇ ਦੇ ਏਆਈਜੀ ਦੀ ਬੈਠਕ ਲੈਂਦੇ ਹਨ। ਹਾਈ ਕੋਰਟ ਨੇ ਕਿਹਾ ਕਿ ਜੇਲ੍ਹ ਤੋਂ ਕਰੋੜਾਂ ਦੇ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਤੇ ਤੁਹਾਡੀ ਨਿਗਰਾਨੀ 'ਚ ਕੰਮ ਕਰਨ ਵਾਲੀ ਟੀਮ ਕੀ ਕਰ ਰਹੀ ਹੈ, ਤੁਹਾਨੂੰ ਪਤਾ ਹੀ ਨਹੀਂ ਹੈ।