:

ਰਾਸ਼ਨ ਕਾਰਡਾਂ ਦੀ ਕੇ ਵਾਈ ਸੀ ਨੂੰ ਲੈ ਕੇ ਭਦੌੜ ਦੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨwww.samacharpunjab.com


ਰਾਸ਼ਨ ਕਾਰਡਾਂ ਦੀ ਕੇ ਵਾਈ ਸੀ ਨੂੰ ਲੈ ਕੇ ਭਦੌੜ ਦੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ


ਭਦੌੜ 26 ਜੂਨ 

 ਅੱਜ ਕਸਬਾ ਭਦੌੜ ਦੇ ਲੋਕਾਂ ਨੇ ਸਥਾਨਕ ਬਾਬਾ ਜੀਵਨ ਸਿੰਘ ਗੁਰਦੁਆਰਾ ਵਿੱਚ ਇਕੱਤਰ ਹੋਣ ਉਪਰੰਤ ਭਦੌੜ ਦੇ ਸਮੂਹ ਡੀਪੂ ਹੋਲਡਰਾਂ ਅਤੇ ਫੂਡ ਸਪਲਾਈ ਮਹਿਕਮੇ ਖ਼ਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕਰਦੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਧਰਨਾ ਦੇਣ ਲਈ ਤਿੰਨ ਕੋਣੀ ਭਦੌੜ ਵੱਲ ਕੂਚ ਕੀਤਾ, ਪਰ ਇਸ ਮੌਕੇ ਥਾਣਾ ਭਦੌੜ ਮੁਖੀ ਸ਼ੇਰਵਿੰਦਰ ਸਿੰਘ ਔਲਖ ਅਤੇ ਮਾਲ ਵਿਭਾਗ ਦੇ ਤਹਿਸੀਲਦਾਰ ਚਤਿੰਦਰ ਕੁਮਾਰ ਸ਼ਰਮਾ ਦੀ ਸੂਝ ਬੂਝ ਸਦਕਾ ਇਕੱਤਰ ਹੋਏ ਲੋਕਾਂ ਨੂੰ ਧਰਨਾ ਨਾ ਦੇਣ ਸਬੰਧੀ ਸਹਿਮਤ ਕਰ ਲਿਆ ਗਿਆ। ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬੀ ਕਿਰਤੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਭਦੌੜ ਦੇ ਲੋਕਾਂ ਵੱਲੋਂ ਤਹਿਸੀਲਦਾਰ ਚਤਿੰਦਰ ਕੁਮਾਰ ਕੁਮਾਰ ਸ਼ਰਮਾ ਨੂੰ ਆਪਣਾ ਮੰਗ ਪੱਤਰ ਸੌਂਪਿਆ ।ਇਸ ਮੌਕੇ ਪੰਜਾਬੀ ਕਿਰਤੀ ਮਜ਼ਦੂਰ ਯੂਨੀਅਨ ਆਗੂ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਦੇ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਸ਼ਨ ਕਾਰਡਾਂ ਵਿੱਚੋਂ ਲੋਕਾਂ ਦੇ ਨਾਮ ਕੱਟਣ ਨੂੰ ਲੈਕੇ ਕੇ ਵਾਈ ਸੀ ਕਰਵਾਈ ਜਾ ਰਹੀ ਹੈ, ਜੋ ਕਿ ਪੰਜਾਬ ਦੇ ਗਰੀਬ ਕਿਰਤੀ ਮਜ਼ਦੂਰ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਰੋਜੀ ਰੋਟੀ ਕਮਾਉਣ ਲਈ ਅਰਬ ਦੇਸ਼ਾਂ ਜਾਂ ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿੱਚ ਕੰਮ ਕਰਨ ਲਈ ਗਏ ਹੋਏ ਹਨ ਉਹਨਾਂ ਦੀ ਕੇ ਵਾਈ ਸੀ ਨਹੀਂ ਹੋ ਸਕਦੀ, ਪਰ ਪੰਜਾਬ ਸਰਕਾਰ ਵੱਲੋਂ ਕੇ ਵਾਈ ਸੀ ਦੇ ਨਾਂ ਤੇ ਲੋਕਾਂ ਦੇ ਰਾਸ਼ਨ ਕਾਰਡਾਂ ਵਿੱਚੋਂ ਨਾਮ ਕੱਟਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਮਜ਼ਦੂਰ ਅਤੇ ਕਿਸਾਨਾਂ ਦੀ ਹਿਤੈਸ਼ੀ ਬਣਦੀ ਹੈ ਪਰ ਦੂਜੇ ਪਾਸੇ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਹੋਈਆਂ ਸਹੂਲਤਾਂ ਤੋਂ ਵੀ ਵਾਂਝੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਘਰ ਵਿੱਚ ਕੋਈ ਨਵਾਂ ਬੱਚਾ ਜਨਮ ਲੈਂਦਾ ਹੈ ਜਾਂ ਕਿਸੇ ਘਰ ਵਿੱਚ ਲੜਕੇ ਦੇ ਵਿਆਹ ਤੋਂ ਬਾਅਦ ਨੂੰਹ ਆ ਜਾਂਦੀ ਹੈ ਤਾਂ ਉਸਦਾ ਦਾ ਨਾਮ ਰਾਸ਼ਨ ਕਾਰਡਾਂ ਵਿੱਚ ਦਰਜ ਨਹੀਂ ਕੀਤੇ ਜਾ ਰਹੇ ਪਰ ਇਸ ਦੇ ਉਲਟ ਰਾਸ਼ਨ ਕਾਰਡਾਂ ਵਿੱਚੋਂ ਪਹਿਲਾ ਤੋਂ ਦਰਜ ਹੋਏ ਨਾਮ ਕੱਟਣ ਲਈ ਪੰਜਾਬ ਸਰਕਾਰ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਰਹੀ। ਉਹਨਾਂ ਕਿਹਾ ਕਿ ਅਗਰ ਕੇ ਵਾਈ ਸੀ ਦੇ ਨਾਂ ਤੇ ਲੋਕਾਂ ਨੂੰ ਡੀਪੂ ਹੋਲਡਰ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਪੰਜਾਬ ਦੇ ਗਰੀਬ ਲੋਕ ਚੁੱਪ ਨਹੀਂ ਬੈਠਣਗੇ ਅਤੇ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਾਂਗੇ।ਕੀ ਕਹਿੰਦੇ ਹਨ ਫੂਡ ਸਪਲਾਈ ਦੇ ਇੰਸਪੈਕਟਰ÷ਜਦ ਇਸ ਸਬੰਧੀ ਫੂਡ ਸਪਲਾਈ ਦੇ ਇੰਸਪੈਕਟਰ ਰਾਜੀਵ ਕੁਮਾਰ ਮਿੱਤਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਰਾਸ਼ਨ ਕਾਰਡਾਂ ਦੀ ਕੇ ਵਾਈ ਸੀ ਕੀਤੀ ਜਾ ਰਹੀ ਹੈ ਅਤੇ ਪ੍ਰੀਵਾਰ ਦੇ ਮੈਂਬਰਾਂ ਨੂੰ ਕੇ ਵਾਈ ਸੀ ਕਰਵਾਉਣੀ ਲਾਜ਼ਮੀ ਹੈ ਪਰ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਕਿ ਜਿਸ ਮੈਂਬਰ ਦੀ ਕੇ ਵਾਈ ਸੀ ਨਹੀਂ ਹੋਵੇਗੀ ਕੀ ਉਸ ਦਾ ਨਾਮ ਰਾਸ਼ਨ ਕਾਰਡ ਵਿੱਚੋਂ  ਕੱਟਿਆ ਜਾਵੇਗਾ? ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਇਹ ਤਾਂ ਸਾਡੇ ਉੱਚ ਅਧਿਕਾਰੀ ਹੀ ਜਾਣਦੇ ਦੱਸ ਸਕਦੇ ਹਨ ਕੀ ਕਹਿੰਦੇ ਹਨ ਤਹਿਸੀਲਦਾਰ ਭਦੌੜ÷ਇਸ ਸਬੰਧੀ ਜਦੋਂ ਭਦੌੜ ਦੇ ਤਹਿਸੀਲਦਾਰ ਚਤਿੰਦਰ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਮੰਗ ਪੱਤਰ ਲੈ ਲਿਆ ਹੈ ਗਿਆ ਹੈ ਅਤੇ ਅਸੀਂ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸੌਂਪ ਦੇਵਾਂਗੇ ਅੱਗੇ ਡਿਪਟੀ ਕਮਿਸ਼ਨਰ ਸਾਹਿਬ ਸੰਬੰਧਿਤ ਮਹਿਕਮੇ ਨੂੰ ਇਸ ਸਬੰਧੀ ਕੋਈ ਵੀ ਨਿਰਦੇਸ਼ ਦੇ ਸਕਦੇ ਹਨ ।
#punjabnews
#samacharpunjab