:

–ਬਰਨਾਲਾ ਟਰੱਕ ਯੂਨੀਅਨ ਦੇ ਚੱਲ ਰਹੇ ਰੇੜਕੇ ਵਿੱਚ ਆਇਆ ਨਵਾਂ ਮੋੜ, ਹੁਣ ਮਾਹੌਲ ਹੋ ਸਕਦਾ ਹੈ ਹੋਰ ਗਰਮ


–ਬਰਨਾਲਾ ਟਰੱਕ ਯੂਨੀਅਨ ਦੇ ਚੱਲ ਰਹੇ ਰੇੜਕੇ ਵਿੱਚ ਆਇਆ ਨਵਾਂ ਮੋੜ, ਹੁਣ ਮਾਹੌਲ ਹੋ ਸਕਦਾ ਹੈ ਹੋਰ ਗਰਮ

ਕਾਂਗਰਸੀ ਵਿਧਾਇਕ ਦੀ ਅਗਵਾਈ ਵਿੱਚ ਟਰੱਕ ਆਪਰੇਟਰਾਂ ਨੇ ਬਦਲਿਆ ਟਰੱਕ ਯੂਨੀਅਨ ਬਰਨਾਲਾ ਦਾ ਪ੍ਰਧਾਨ 
– ਹਾਜ਼ਰ ਸਰਕਾਰ ਤੇ ਭਰਿਸ਼ਟਾਚਾਰ ਦੇ ਲਾਏ ਵੱਡੇ ਦੋਸ਼ 

ਈਸਾ ਸ਼ਰਮਾ. ਬਰਨਾਲਾ

ਪਿਛਲੇ ਕਈ ਦਿਨਾਂ ਤੋਂ ਟਰੱਕ ਯੂਨੀਅਨ ਬਰਨਾਲਾ ਦੀ ਰਾਏਕੋਟ ਰੋਡ ਤੇ ਪਈ ਜਮੀਨ ਨੂੰ ਕਰੋੜਾਂ ਰੁਪਏ ਦੀ ਜਮੀਨ ਨੂੰ ਲਗਭਗ 6500 ਪ੍ਰਤੀ ਸਲਾਨਾ ਤੇ ਪਟੇ ਤੇ ਦੇਣ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਹੈ। ਵੱਡੀ ਸੰਖਿਆ ਵਿੱਚ ਟਰੱਕ ਯੂਨੀਅਨ ਵਿੱਚ ਹਾਜ਼ਰ ਟਰੱਕ ਆਪਰੇਟਰਾਂ ਨੇ ਹਾਜ਼ਰ ਸਰਕਾਰ ਦੇ ਨੁਮਾਇੰਦਿਆਂ ਤੇ ਭਰਿਸ਼ਟਾਚਾਰ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਹੋਇਆਂ ਹਲਕਾ ਬਰਨਾਲਾ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿੱਚ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਚੁਣ ਲਿਆ ਹੈ। ਟਰੱਕ ਆਪਰੇਟਰ ਸੁਖਪਾਲ ਸਿੰਘ ਪਾਲਾ ਸੰਧੂ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਉਸ ਦੇ ਹਾਰ ਪਾ ਕੇ ਸਾਰਿਆਂ ਨੇ ਉਸ ਦਾ ਸਵਾਗਤ ਕੀਤਾ ਇਸ ਮੌਕੇ ਤੇ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕਿਹਾ ਕਿ ਉਹ ਖੁਦ ਵੀ ਟਰੱਕ ਆਪਰੇਟਰ ਯੂਨੀਅਨ ਦੇ ਮੈਂਬਰ ਹਨ ਪਰ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਧੱਕੇਸ਼ਾਹੀ ਹੋ ਰਹੀ ਹੈ ਅਤੇ ਉਹ ਕਿਸੇ ਵੀ ਹਾਲਤ ਵਿੱਚ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਹਾਜ਼ਰ ਸਰਕਾਰ ਦੇ ਜੋ ਨੁਮਾਇੰਦੇ ਬੈਠੇ ਹਨ ਉਹ ਇਥੇ ਭਰਿਸ਼ਟਾਚਾਰ ਕਰ ਰਹੇ ਹਨ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਉਹ ਉੱਚ ਅਧਿਕਾਰੀਆਂ ਨੂੰ ਮਿਲਣਗੇ ਅਤੇ ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਉਠਾਉਣਗੇ।

ਇਸ ਮੌਕੇ ਤੇ ਸੁਖਪਾਲ ਸਿੰਘ ਪਾਲਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਸੀਂ ਟਰੱਕ ਯੂਨੀਅਨ ਦਾ ਹਿਸਾਬ ਮੰਗ ਰਹੇ ਹਾਂ ਪਰ ਲੱਖਾਂ ਰੁਪਿਆਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ। ਉਲਟਾ ਸਾਥੋਂ ਨਵੇਂ ਨਵੇਂ ਤਰੀਕਿਆਂ ਨਾਲ ਪੈਸੇ ਵਸੂਲੇ ਜਾ ਰਹੇ ਹਨ। ਹੁਣ ਉਹ ਸਾਰਾ ਹਿਸਾਬ ਕੰਧ ਉੱਤੇ ਲਿਖ ਦੇਣਗੇ। ਜੇਕਰ ਮੇਰੇ ਵਿੱਚ ਕੋਈ ਗਲਤੀ ਹੋਈ ਤਾਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। 

– ਟਰੱਕ ਯੂਨੀਅਨ ਵਿੱਚ ਆਉਂਦੇ ਸਮੇਂ ਵਿੱਚ ਹੋ ਸਕਦਾ ਹੈ ਹੰਗਾਮਾ 

ਦੱਸ ਦਈਏ ਕਿ ਟਰੱਕ ਯੂਨੀਅਨ ਵਿੱਚ ਆਉਂਦੇ ਸਮੇਂ ਵਿੱਚ ਵੱਡਾ ਹੰਗਾਮਾ ਹੋਣ ਦੀ ਉਮੀਦ ਹੈ। ਕਿਉਂਕਿ ਟਰੱਕ ਯੂਨੀਅਨ ਤੇ ਕਾਬਜ਼ ਧਿਰ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਅੱਜ ਸੁਨਾਮ ਵਿੱਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਗਏ ਹੋਏ ਹਨ। ਉਹਨਾਂ ਦੇ ਆਉਣ ਤੋਂ ਬਾਅਦ ਉਹ ਆਪਣਾ ਦਬਾਓ ਦਿਖਾਉਣਗੇ। ਜਿਸ ਤੋਂ ਬਾਅਦ ਟਕਰਾਓ ਹੋਣ ਦੀ ਸੰਭਾਵਨਾ ਹੈ। ਜਿਸ ਦੇ ਚਲਦਿਆਂ ਪਹਿਲਾਂ ਤੋਂ ਹੀ ਪ੍ਰਸ਼ਾਸਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟਰੱਕ ਆਪਰੇਟਰਾਂ ਨੇ ਵੀ ਦੋਸ਼ ਲਾਇਆ ਹੈ ਕਿ ਹੁਣ ਪੁਲਿਸ ਦੇ ਦੁਆ ਹੇਠ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।‌ ਪਰ ਕਿਸੇ ਹਾਲਤ ਵਿੱਚ ਉਹ ਨਹੀਂ ਦਬਣਗੇ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ ਇਹ ਦੇਖਣਾ ਬੜਾ ਰੌਚਕ ਹੋਵੇਗਾ।