ਪੰਜਾਬ ਦੇ ਇਨ੍ਹਾਂ ਅਫ਼ਸਰਾਂ ਖ਼ਿਲਾਫ਼ ਹੋਵੇਗੀ FIR! ਜਾਣੋ ਕੀ ਹੈ ਪੂਰਾ ਮਾਮਲਾ
- Admin Default
- 13 May, 2026 13:48
ਪੰਜਾਬ ਦੇ ਇਨ੍ਹਾਂ ਅਫ਼ਸਰਾਂ ਖ਼ਿਲਾਫ਼ ਹੋਵੇਗੀ FIR! ਜਾਣੋ ਕੀ ਹੈ ਪੂਰਾ ਮਾਮਲਾ
ਬਰਨਾਲਾ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਗਠਿਤ ਇਕ ਸਾਂਝੀ ਕਮੇਟੀ ਨੇ ਬਰਨਾਲਾ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਵਿਰੁੱਧ 25 ਏਕੜ ਦੀ ਇਕ ਸਾਈਟ 'ਤੇ ਰੁੱਖਾਂ ਦੀ ਗੈਰ-ਕਾਨੂੰਨੀ ਕਟਾਈ ਅਤੇ ਲੱਕੜ ਦੀ ਦੁਰਵਰਤੋਂ ਦੇ ਦੋਸ਼ਾਂ ਤਹਿਤ ਐੱਫ.ਆਈ.ਆਰ. ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਅਧਿਕਾਰੀਆਂ ਵੱਲੋਂ ਡਿਊਟੀ ਵਿਚ ਕੀਤੀ ਗਈ ਵੱਡੀ ਲਾਪਰਵਾਹੀ ਲਈ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਤੇ ਜੁਰਮਾਨੇ ਲਗਾਉਣ ਦੀ ਵੀ ਮੰਗ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਪਿੰਡ ਕਾਹਨੇਕੇ ਦੇ ਨਿਵਾਸੀ ਗੁਰਪ੍ਰੀਤ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਸੀ ਕਿ 31 ਜਨਵਰੀ ਨੂੰ ਝੁੱਗੀਆਂ ਹਟਾਉਣ ਦੀ ਕਾਰਵਾਈ ਦੌਰਾਨ, ਵਪਾਰਕ ਫਾਇਦੇ ਲਈ ਲਗਭਗ 140 ਪੁਰਾਣੇ ਵਿਰਾਸਤੀ ਰੁੱਖਾਂ ਨੂੰ ਜੜ੍ਹੋਂ ਪੁੱਟ ਦਿੱਤਾ ਗਿਆ ਸੀ। ਇਨ੍ਹਾਂ ਵਿਚ ਨਿੰਮ, ਬੋਹੜ, ਪਿੱਪਲ, ਟਾਹਲੀ, ਕਿੱਕਰ ਅਤੇ ਜੰਡ ਵਰਗੇ ਕਈ 50 ਸਾਲ ਤੋਂ ਵੀ ਵੱਧ ਪੁਰਾਣੇ ਰੁੱਖ ਸ਼ਾਮਲ ਸਨ।
ਜਾਂਚ ਦੌਰਾਨ ਕਮੇਟੀ ਨੇ ਮੌਕੇ 'ਤੇ 55 ਅਜਿਹੇ ਰੁੱਖਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਕੀਮਤ ਲਗਭਗ 1.31 ਲੱਖ ਰੁਪਏ ਅੰਕੀ ਗਈ ਹੈ। ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਇਹ ਰਕਮ ਸਬੰਧਤ ਅਧਿਕਾਰੀਆਂ ਤੋਂ ਵਸੂਲੀ ਜਾਵੇ ਅਤੇ ਨੁਕਸਾਨ ਦੀ ਭਰਪਾਈ ਲਈ 1:5 ਦੇ ਅਨੁਪਾਤ ਵਿਚ ਨਵੇਂ ਪੌਦੇ ਲਗਾਉਣ ਅਤੇ ਪੰਜ ਸਾਲਾਂ ਤੱਕ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਦੀ ਤਿਆਰੀ
ਤਿੰਨ ਮੈਂਬਰੀ ਜਾਂਚ ਕਮੇਟੀ, ਜਿਸ ਵਿਚ ਸੰਗਰੂਰ ਦੇ ਵਣ ਅਧਿਕਾਰੀ ਕੌਸ਼ਲ ਕਿਸ਼ੋਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੇ.ਪੀ. ਮੀਨਾ ਅਤੇ ਵਣ ਵਿਭਾਗ ਦੇ ਸੰਨੀ ਗੋਇਲ ਸ਼ਾਮਲ ਸਨ, ਨੇ ਪਾਇਆ ਕਿ ਜ਼ਿਲ੍ਹਾ ਪੱਧਰੀ ਅਧਿਕਾਰੀ ਬਿਨਾਂ ਮਨਜ਼ੂਰੀ ਰੁੱਖਾਂ ਦੀ ਕਟਾਈ ਨੂੰ ਰੋਕਣ ਵਿਚ ਅਸਫਲ ਰਹੇ। ਕਮੇਟੀ ਨੇ ਬਰਨਾਲਾ ਦੇ ਐੱਸ.ਐੱਸ.ਪੀ. ਨੂੰ ਸਰਕਾਰੀ ਜਾਇਦਾਦ ਦੀ ਚੋਰੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਸਲਾਹ ਦਿੱਤੀ ਹੈ।







